ਗਾਜ਼ੀਆਬਾਦ/ਹੈਦਰਾਬਾਦ, 3 ਫਰਵਰੀ
ਆਲ ਇੰਡੀਆ ਮਜਿਲਸ-ਏ-ਇੱਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਮੁਖੀ ਅਸਦੂਦੀਨ ਓਵੈਸੀ ਨੇ ਅੱਜ ਦੋਸ਼ ਲਾਇਆ ਕਿ ਚੋਣ ਆਧਾਰਿਤ ਸੂਬੇ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਤੋਂ ਦਿੱਲੀ ਆਉਂਦੇ ਸਮੇਂ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਕਾਰ ’ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸੁਰੱਖਿਅਤ ਹਨ। ਜਿਸ ਸਮੇਂ ਇਹ ਘਟਨਾ ਵਾਪਰੀ, ਓਵੈਸੀ ਦੀ ਕਾਰ ਕੌਮੀ ਰਾਜਮਾਰਗ 24 ਦੇ ਹਾਪੁੜ-ਗਾਜ਼ੀਆਬਾਦ ਬਲਾਕ ’ਤੇ ਛਿਜਾਰਸੀ ਟੌਲ ਪਲਾਜ਼ਾ ਦੇ ਨੇੜੇ ਸੀ। ਇਹ ਘਟਨਾ ਸ਼ਾਮ ਦੇ ਕਰੀਬ ਛੇ ਵਜੇ ਵਾਪਰੀ। ਓਵੈਸੀ ਨੇ ਟਵੀਟ ਕੀਤਾ, ‘ਕੁਝ ਦੇਰ ਪਹਿਲਾਂ ਛਿਜਾਰਸੀ ਟੌਲ ਗੇਟ ’ਤੇ ਮੇਰੀ ਗੱਡੀ ’ਤੇ ਗੋਲੀਆਂ ਚਲਾਈਆਂ ਗਈਆਂ। ਚਾਰ ਗੋਲੀਆਂ ਚਲਾਈਆਂ ਗਈਆਂ। 3-4 ਜਣੇ ਸੀ। ਸਾਰੇ ਭੱਜ ਗਏ ਤੇ ਹਥਿਆਰ ਉੱਥੇ ਹੀ ਛੱਡ ਗਏ। ਮੇਰੀ ਗੱਡੀ ਪੰਚਰ ਹੋ ਗਈ ਪਰ ਮੈਂ ਦੂਜੀ ਗੱਡੀ ’ਚ ਬੈਠ ਕੇ ਉੱਥੋਂ ਚਲਾ ਗਿਆ। ਅਸੀਂ ਸਾਰੇ ਸੁਰੱਖਿਅਤ ਹਾਂ।’