ਨਵੀਂ ਦਿੱਲੀ, 16 ਅਗਸਤ
ਸ਼ੇਅਰ ਬਾਜ਼ਾਰ ’ਤੇ ਨਿਗਰਾਨੀ ਰੱਖਣ ਵਾਲੀ ਇਕਾਈ ‘ਸੇਬੀ’ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰ ਕੇ ਅਡਾਨੀ ਸਮੂਹ ਵੱਲੋਂ ਸ਼ੇਅਰਾਂ ਦੀਆਂ ਕੀਮਤਾਂ ਵਿਚ ਹੇਰਾ-ਫੇਰੀ ਕਰਨ ਦੇ ਦੋਸ਼ਾਂ ਦੀ ਜਾਂਚ ਪੂਰੀ ਕਰਨ ਲਈ 15 ਦਿਨ ਦਾ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਹੈ। ‘ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ’ ਨੇ ਆਪਣੀ ਨਵੀਂ ਅਰਜ਼ੀ ਵਿਚ ਕਿਹਾ ਕਿ ਉਸ ਨੇ ਇਸ ਮਾਮਲੇ ਨਾਲ ਜੁੜੇ 24 ਕੇਸਾਂ ਦੀ ਜਾਂਚ-ਪੜਤਾਲ ਕੀਤੀ ਹੈ। ਸੇਬੀ ਨੇ ਕਿਹਾ, ‘ਇਨ੍ਹਾਂ 24 ਮਾਮਲਿਆਂ ਵਿਚੋਂ 17 ਦੀ ਜਾਂਚ-ਪੜਤਾਲ ਪੂਰੀ ਹੋ ਗਈ ਹੈ ਤੇ ਸੇਬੀ ਦੀ ਮੌਜੂਦਾ ਪ੍ਰਕਿਰਿਆ ਦੇ ਤਹਿਤ ਸਮਰੱਥ ਅਥਾਰਿਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਇਸ ਮਾਮਲੇ ਵਿਚ ਸੇਬੀ ਨੇ ਹੁਣ ਤੱਕ ਇਕੱਤਰ ਕੀਤੀ ਜਾ ਸਕਣ ਵਾਲੀ ਸਮੱਗਰੀ ਦੇ ਆਧਾਰ ਉਤੇ ਜਾਂਚ-ਪੜਤਾਲ ਪੂਰੀ ਕੀਤੀ ਹੈ ਤੇ ਮੌਜੂਦਾ ਪ੍ਰਕਿਰਿਆਵਾਂ ਮੁਤਾਬਕ ਅੰਤ੍ਰਿਮ ਰਿਪੋਰਟ ਤਿਆਰ ਕੀਤੀ ਗਈ ਹੈ। ਸੇਬੀ ਨੇ ਕਿਹਾ ਕਿ ਬਾਕੀ ਬਚੇ ਛੇ ਮਾਮਲਿਆਂ ਵਿਚੋਂ ‘ਚਾਰ ਦੀ ਜਾਂਚ-ਪੜਤਾਲ ਵਿਚ ਨਤੀਜਿਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਤੇ ਉਸ ਦੇ ਸਿੱਟੇ ਵਜੋਂ ਤਿਆਰ ਕੀਤੀ ਗਈ ਰਿਪੋਰਟ ਸਮਰੱਥ ਅਥਾਰਿਟੀ ਕੋਲ ਭੇਜੀ ਗਈ ਹੈ। ਸੇਬੀ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਚਾਰ ਮਾਮਲਿਆਂ ਸਬੰਧੀ ਪ੍ਰਵਾਨਗੀ ਦੀ ਪ੍ਰਕਿਰਿਆ ਜਲਦੀ ਹੀ ਤੇ ਕਿਸੇ ਵੀ ਸਥਿਤੀ ਵਿਚ 29 ਅਗਸਤ ਨੂੰ ਸੁਣਵਾਈ ਦੀ ਅਗਲੀ ਤਰੀਕ ਤੋਂ ਪਹਿਲਾਂ ਪੂਰੀ ਹੋ ਜਾਵੇਗੀ। ਦੂਜੇ ਮਾਮਲੇ ਵਿਚ ਸੇਬੀ ਵੱਲੋਂ ਹੁਣ ਤੱਕ ਜੁਟਾਈ ਗਈ ਜਾਣਕਾਰੀ ਦੇ ਅਧਾਰ ਉਤੇ ਅੰਤ੍ਰਿਮ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।