ਨਵੀਂ ਦਿੱਲੀ, 15 ਮਾਰਚ
ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਡਾਨੀ ਸਮੂਹ ਨਾਲ ਸਬੰਧਤ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਮੰਗ ਪੱਤਰ ਸੌਂਪਣ ਲਈ ਅੱਜ ਸੰਸਦ ਭਵਨ ਤੋਂ ਮਾਰਚ ਕੱਢਿਆ, ਹਾਲਾਂਕਿ ਉਨ੍ਹਾਂ ਨੂੰ ਪੁਲੀਸ ਨੇ ਵਿਜੈ ਚੌਕ ਵਿੱਚ ਰੋਕ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਈਡੀ ਹੈੱਡਕੁਆਰਟਰ ਲਈ ਸੰਸਦ ਭਵਨ ਤੋਂ ਰਵਾਨਾ ਹੁੰਦੇ ਹੀ ਵਿਜੈ ਚੌਕ ‘ਤੇ ਪੁਲੀਸ ਨੇ ਰੋਕ ਲਿਆ। ਪੁਲੀਸ ਨੇ ਵਿਜੇ ਚੌਕ ਨੇੜੇ ਬੈਰੀਕੇਡ ਲਾਏ ਹੋਏ ਹਨ।
ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਅਡਾਨੀ ਗਰੁੱਪ ਘੁਪਲੇ ਮਾਮਲੇ ‘ਚ ਮੰਗ ਪੱਤਰ ਸੌਂਪਣ ਲਈ ਈਡੀ ਦੇ ਡਾਇਰੈਕਟਰ ਨੂੰ ਮਿਲਣ ਜਾ ਰਹੇ ਸੀ ਪਰ ਸਰਕਾਰ ਨੇ ਸਾਨੂੰ ਰੋਕ ਲਿਆ ਅਤੇ ਵਿਜੈ ਚੌਕ ਤੱਕ ਵੀ ਨਹੀਂ ਜਾਣ ਦਿੱਤਾ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਮਾਮਲੇ ਦਾ ਵਿਸਥਾਰਪੂਰਨ ਰੂਪ ਈਡੀ ਸਾਹਮਣੇ ਪੇਸ਼ ਕਰਨਾ ਚਾਹੁੰਦੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ।