ਪਟਿਆਲਾ, 10 ਨਵੰਬਰ
ਪਾਵਰਕੌਮ ਵੱਲੋਂ ਛੇਤੀ ਹੀ 2800 ਸਹਾਇਕ ਲਾਈਨਮੈਨ (ਏਐੱਲਐੱਮ) ਭਰਤੀ ਕੀਤੇ ਜਾਣਗੇ। ਇਹ ਐਲਾਨ ਪਾਵਰਕੌਮ ਦੇ ਡਾਇਰੈਕਟਰ (ਪ੍ਰਬੰਧਕੀ) ਆਰ.ਪੀ. ਪਾਂਡਵ ਨੇ ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਕੀਤਾ| ਯੂਨੀਅਨ ਵੱਲੋਂ ਵਫ਼ਦ ਦੀ ਅਗਵਾਈ ਜਥੇਬੰਦੀ ਦੇ ਪ੍ਰਧਾਨ ਤੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਕੀਤੀ|
ਪਾਵਰਕੌਮ ਵੱਲੋਂ ਪਹਿਲੀ ਵਾਰ ਸਹਾਇਕ ਲਾਈਨਮੈਨਾਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ। ਬੇਰੁਜ਼ਗਾਰ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਲਾਈਨਮੈਨਾਂ ਜਾਂ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਸੰਘਰਸ਼ ਵਿੱਢਿਆ ਹੋਇਆ ਸੀ| ਇਸ ਤੋਂ ਪਹਿਲਾਂ ਮੈਨੇਜਮੈਂਟ ਵੱਲੋਂ 1500 ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਜਾਰੀ ਇਸ਼ਤਿਹਾਰ ਵਿੱਚ ਉਮਰ ਹੱਦ 37 ਸਾਲ ਰੱਖੀ ਗਈ ਸੀ, ਪਰ ਇਸ਼ਤਿਹਾਰ ’ਤੇ ਇਤਰਾਜ਼ ਪ੍ਰਗਟਾਉਂਦਿਆਂ ਜਥੇਬੰਦੀ ਸੰਘਰਸ਼ ਦੇ ਰਾਹ ਪੈ ਗਈ ਸੀ। ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਮੈਨੇਜਮੈਂਟ ਵੱਲੋਂ ਡਾਇਰੈਕਟਰ ਪਾਂਡਵ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਭਰਤੀ ਲਈ ਅਸਾਮੀਆਂ ਦੀ ਗਿਣਤੀ ਵਧਾ ਕੇ 2800 ਕਰਨ ਅਤੇ ਉਮਰ ਹੱਦ 42 ਸਾਲ ਕਰਨ ਦੀ ਲਿਖਤੀ ਸਹਿਮਤੀ ਹੋਈ ਹੈ| ਸ੍ਰੀ ਪਾਂਡਵ ਨੇ ਦੱਸਿਆ ਕਿ ਅਦਾਰੇ ਵੱਲੋਂ ਇਨ੍ਹਾਂ ਅਸਾਮੀਆਂ ਲਈ ਛੇਤੀ ਹੀ ਇਸ਼ਤਿਹਾਰ ਦਿੱਤਾ ਜਾਵੇਗਾ| ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਏਐੱਲਐੱਮ ਦੀ ਭਰਤੀ ਕਰਨ ਤੋਂ ਇਲਾਵਾ ਬਾਦਲ ਸਰਕਾਰ ਦੌਰਾਨ ਯੂਨੀਅਨ ਦੇ ਵਰਕਰਾਂ ’ਤੇ ਪਾਏ ਝੂਠੇ ਕੇਸ ਰੱਦ ਕਰਨ ਦਾ ਵੀ ਸਮਝੌਤਾ ਹੋਇਆ ਹੈ|