ਅਟਾਰੀ, 27 ਅਪਰੈਲ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਪੁਲ ਮੋਰਾਂ ਨੇੜੇ ਸਰਹੱਦੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਨੂੰ ਗੋਲੀਆਂ ਮਾਰ ਕੇ ਡੇਗਿਆ ਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ। ਅੱਜ ਦੁਪਹਿਰ ਸਮੇਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਸਰਹੱਦੀ ਖੇਤਰ ਵਿੱਚ ਦਾਖ਼ਲ ਹੋਏ ਡਰੋਨ ਨੂੰ ਆਉਂਦੇ ਵੇਖਿਆ ਅਤੇ ਉਸ ’ਤੇ ਤੁਰੰਤ 8 ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਡਰੋਨ ਕਈ ਟੁਕੜਿਆਂ ਵਿੱਚ ਵੰਡਿਆ ਗਿਆ ਤੇ ਪੁਲ ਮੋਰਾਂ ਨੇੜਲੇ ਖੇਤਾਂ ਵਿੱਚ ਡਿੱਗਿਆ। ਸੀਮਾ ਸੁਰੱਖਿਆ ਬਲ ਨੂੰ ਉਸ ਖੇਤਰ ’ਚ ਤਲਾਸ਼ੀ ਮੁਹਿੰਮ ਦੌਰਾਨ ਖੇਤਾਂ ਵਿੱਚੋਂ ਡਰੋਨ ਅਤੇ ਵੱਡਾ ਪੈਕਟ, ਜੋ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਮਿਲਿਆ। ਸੀਮਾ ਸੁਰੱਖਿਆ ਬਲ ਵੱਲੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਦੋ ਕਿਲੋਗ੍ਰਾਮ ਹੈਰੋਇਨ ਤੇ 170 ਗ੍ਰਾਮ ਅਫੀਮ ਬਰਾਮਦ ਕੀਤੀ।