ਪੋਰਟਲੈਂਡ, 29 ਜੂਨ
ਅਮਰੀਕੀ ਤੱਟ ਰੱਖਿਅਕ ਗਾਰਡਾਂ ਨੇ ਦੱਸਿਆ ਕਿ ਪਣਡੁੱਬੀ ਟਾਈਟਨ ਦੇ ਮਲਬੇ ’ਚੋਂ ਸੰਭਾਵੀ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ ਹਨ ਅਤੇ ਅਮਰੀਕੀ ਅਧਿਕਾਰੀ ਸਬੂਤ ਦੇਸ਼ ਵਾਪਸ ਲਿਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਪਣਡੁੱਬੀ ਪਿਛਲੇ ਹਫ਼ਤੇ ਡੁੱਬ ਗਈ ਸੀ ਤੇ ਇਸ ਹਾਦਸੇ ’ਚ ਪਣਡੁੱਬੀ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਵਿਅਕਤੀ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਸਮੁੰਦਰ ਅੰਦਰ ਗਏ ਸੀ। ਟਾਈਟਨ ਪਣਡੁੱਬੀ ਦਾ ਮਲਬਾ ਬੀਤੇ ਦਿਨ ਜ਼ਮੀਨ ’ਤੇ ਵਾਪਸ ਲਿਆਂਦਾ ਗਿਆ। ਸੇਂਟ ਜੌਹਨ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਦੀ ਬੰਦਰਗਾਹ ’ਤੇ ਲਿਆਂਦੇ ਗਏ ਇਸ ਮਲਬੇ ਦੀ ਜਾਂਚ ਕਰਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਪਣਡੁੱਬੀ ਦੇ ਫਟਣ ਦਾ ਕਾਰਨ ਕੀ ਸੀ।
ਤੱਟ ਰੱਖਿਅਕਾਂ ਨੇ ਲੰਘੀ ਰਾਤ ਇੱਕ ਬਿਆਨ ’ਚ ਕਿਹਾ ਕਿ ਉਸ ਨੇ ਸਮੁੰਦਰੀ ਤਲ ਤੋਂ ਮਲਬਾ ਤੇ ਸਬੂਤ ਬਰਾਮਦ ਕੀਤੇ ਹਨ। ਇਸ ਵਿੱਚ ਸੰਭਾਵੀ ਤੌਰ ’ਤੇ ਮਨੁੱਖੀ ਅਵਸ਼ੇਸ਼ ਵੀ ਮਿਲੇ ਹਨ। ਅਮਰੀਕੀ ਤੱਟ ਰੱਖਿਅਕ ਦਸਤੇ ਦੇ ਮੁਖੀ ਕੈਪਟਨ ਜੇਸਨ ਨਿਊਬਾਇਰ ਨੇ ਦੱਸਿਆ, ‘ਮੈਂ ਬਹੁਤ ਦੂਰ ਤੇ ਡੂੰਘਾਈ ਤੋਂ ਇਨ੍ਹਾਂ ਮਹੱਤਵਪੂਰਨ ਸਬੂਤਾਂ ਨੂੰ ਬਾਹਰ ਕੱਢਣ ਦੇ ਸੰਭਾਲਣ ਲਈ ਕੌਮਾਂਤਰੀ ਤੇ ਅੰਤਰ-ਏਜੰਸੀ ਦੇ ਸਹਿਯੋਗ ਲਈ ਸ਼ੁਕਰਗੁਜ਼ਾਰ ਹਾਂ।’ ਉਨ੍ਹਾਂ ਕਿਹਾ ਕਿ ਸਬੂਤ ਬਹੁਤ ਮਹੱਤਵਪੂਰ ਹਨ ਅਤੇ ਇਸ ਨਾਲ ਇਸ ਤ੍ਰਾਸਦੀ ਦੇ ਢੁੱਕਵੇਂ ਕਾਰਨਾਂ ਦਾ ਪਤਾ ਲਾਉਣ ’ਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਕੈਨੇਡਿਆਈ ਤੱਟ ਰੱਖਿਅਕ 22 ਫੁੱਟ ਦੀ ਪਣਡੁੱਬੀ ਦੇ ਮੁੜੇ ਹੋਏ ਟੁੱਕੜੇ ਨੂੰ ਬੀਤੇ ਦਿਨ ਸਮੁੰਦਰ ’ਚੋਂ ਬਹਰ ਲਿਆਏ ਸੀ।
ਜ਼ਿਕਰਯੋਗ ਹੈ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਅਟਲਾਂਟਿਕ ਸਾਗਰ ਅੰਦਰ ਗਈ ਟਾਈਟਨ ਪਣਡੁੱਬੀ ’ਚ ਪਿਛਲੇ ਹਫ਼ਤੇ ਅਚਾਨਕ ਧਮਾਕਾ ਹੋ ਗਿਆ ਸੀ। ਇਸ ਹਾਦਸੇ ’ਚ ਪਣਡੁੱਬੀ ਵਿੱਚ ਸਵਾਰ ਟਾਈਟੈਨਿਕ ਮਾਮਲਿਆਂ ਦੇ ਇੱਕ ਮੁੱਖ ਮਾਹਿਰ, ਇਸ ਬਰਤਾਨਵੀ ਅਰਬਪਤੀ, ਪਾਕਿਸਤਾਨ ਦੇ ਇੱਕ ਅਮੀਰ ਪਰਿਵਾਰ ਦੇ ਦੋ ਮੈਂਬਰਾਂ ਤੇ ਇਸ ਮਿਸ਼ਨ ਨੂੰ ਚਲਾਉਣ ਵਾਲੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਮੌਤ ਹੋ ਗਈ ਸੀ।