ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਜੇਲ੍ਹ ਵਿੱਚ ਬਿਹਤਰ ਸਹੂਲਤਾਂ ਦੀ ਮੰਗ ਕਰਦੇ ਹੋਏ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੇ ਕਿਹਾ ਹੈ ਕਿ ਇਮਰਾਨ ਖਾਨ ਦੀ ਜਾਨ ਨੂੰ ਹੁਣ ਵੀ ਖਤਰਾ ਹੈ ਅਤੇ ਅਟਕ ਜੇਲ੍ਹ ’ਚ ਉਨ੍ਹਾਂ ਨੂੰ ਜ਼ਹਿਰ ਦਿੱਤਾ ਜਾ ਸਕਦਾ ਹੈ। ਅੱਜ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਭੇਜੇ ਇਕ ਪੱਤਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਦੀ ਪਤਨੀ ਨੇ ਲਿਖਿਆ ਹੈ ਕਿ ਅਦਾਲਤ ਨੇ ਉਨ੍ਹਾਂ ਦੇ ਪਤੀ ਨੂੰ ਅਟਕ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ, ‘‘ਕਾਨੂੰਨ ਮੁਤਾਬਕ ਮੇਰੇ ਪਤੀ ਨੂੰ ਅਡਿਆਲਾ ਜੇਲ੍ਹ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।’’ ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਬੁਸ਼ਰਾ (49) ਨੇ ਮੰਗ ਕੀਤੀ ਕਿ ਖਾਨ (70) ਨੂੰ ਉਨ੍ਹਾਂ ਦੇ ਸਮਾਜਿਕ ਤੇ ਸਿਆਸੀ ਦਰਜੇ ਦੇ ਲਿਹਾਜ਼ ਨਾਲ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਜਾਣ।