ਲਖੀਮਪੁਰ ਖੀਰੀ, 3 ਨਵੰਬਰ
ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਆਪਣੀ ਰਿਹਾਇਸ਼ ’ਤੇ ਗੱਲਬਾਤ ਦਾ ਦਿੱਤਾ ਸੱਦਾ ਕਿਸਾਨਾਂ ਨੂੰ ਠੁਕਰਾ ਦਿੱਤਾ। ਮੰਤਰੀ ਨੇ ਝੋਨੇ ਦੀ ਖਰੀਦ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਅਤੇ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਨੂੰ ਸੁਲਝਾਉਣ ਲਈ ਕਿਸਾਨਾਂ ਨੂੰ ਆਪਣੀ ਰਿਹਾਇਸ਼ ‘ਤੇ ਮੀਟਿੰਗ ਲਈ ਬੁਲਾਇਆ ਸੀ। ਇਸ ਕੇਸ ਵਿੱਚ ਉਸ ਦਾ ਪੁੱਤਰ ਮੁਲਜ਼ਮ ਹੈ। ਆਸ਼ੀਸ਼ ਜੇਲ੍ਹ ਵਿੱਚ ਹੈ ਅਤੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰੇ ਦੇ ਆਗੂਆਂ ਨੇ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਅਤੇ ਇਲਾਕੇ ਦੇ ਕਿਸਾਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਕਿਹਾ, ‘ਅਸੀਂ ਸਰਬਸੰਮਤੀ ਨਾਲ ਮੰਤਰੀ ਦੇ ਘਰ ਮੀਟਿੰਗ ਲਈ ਨਾ ਜਾਣ ਦਾ ਫੈਸਲਾ ਕੀਤਾ ਹੈ। ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੇ ਝੋਨੇ ਦੀ ਵੱਧ ਕੀਮਤ ਦੇ ਕੇ ਲੁਭਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ 3 ਅਕਤੂਬਰ ਦੀ ਘਟਨਾ ਵਿੱਚ ਹੋਈਆਂ ਜਾਨਾਂ ਦੀ ਭਰਪਾਈ ਨਹੀਂ ਕਰ ਸਕਦਾ। ਜੇਕਰ ਸਿੱਖ ਕੌਮ ਦਾ ਕੋਈ ਮੈਂਬਰ ਮਿਸ਼ਰਾ ਜਾਂ ਉਸ ਦੇ ਪਰਿਵਾਰ ਨਾਲ ਕੋਈ ਸਬੰਧ ਰੱਖਦਾ ਹੈ ਤਾਂ ਸਮੁੱਚਾ ਸਿੱਖ ਸਮਾਜ ਉਸ ਵਿਅਕਤੀ ਦਾ ਬਾਈਕਾਟ ਕਰੇਗਾ।’