ਨਵੀਂ ਦਿੱਲੀ, 21 ਦਸੰਬਰ

ਲੋਕ ਸਭਾ ਵਿੱਚ ਕਾਂਗਰਸ ਸਣੇ ਵਿਰੋਧੀ ਦਲਾਂ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਮੰਗਲਵਾਰ ਨੂੰ ਵੀ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2.30 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਹੰਗਾਮੇ ਦੇ ਵਿੱਚ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਬਾਲ ਵਿਆਹ ਰੋਕੂ (ਸੋਧ) ਬਿੱਲ 2021 ਸਦਨ ਵਿੱਚ ਪੇਸ਼ ਕੀਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ, ਬੀਜੂ ਜਨਤਾ ਦਲ, ਸ਼ਿਵ ਸੈਨਾ ਤੇ ਹੋਰਨਾਂ ਵਿਰੋਧੀ ਦਲਾਂ ਨੇ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਇਸ ਬਿੱਲ ਨੂੰ ਜਲਦਬਾਜ਼ੀ ਵਿੱਚ ਲਿਆਉਣ ਤੇ ਸਬੰਧਤ ਧਿਰਾਂ ਨਾਲ ਵਿਚਾਰ-ਚਰਚਾ ਨਾ ਕਰਨ ਦਾ ਦੋਸ਼ ਲਗਾਇਆ। ਇਸੇ ਤਰ੍ਹਾਂ ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਵਿੱਚ ਹੀ ਚਾਰਟਰਡ ਅਕਾਊਂਟੈਂਟ,ਲਾਗਤ ਤੇ ਲੇਖਾਪਾਲ ਅਤੇ ਕੰਪਨੀ ਸਕੱਤਰ (ਸੋਧ) ਬਿੱਲ 2021 ਨੂੰ ਸਥਾਈ ਸਮਿਤੀ ਕੋਲ ਵਿਚਾਰ-ਚਰਚਾ ਕਰਨ ਲਈ ਭੇਜੇ ਜਾਣ ਨੂੰ ਮਨਜ਼ੂਰੀ ਦਿੱਤੀ ਗਈ।