ਨਿਊਯਾਰਕ, 29 ਜੂਨ
ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੂੰ ਮੌਜੂਦਾ ਵਰ੍ਹੇ ਦੀ ਮਹਾਨ ਪਰਵਾਸੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਕਾਰਨੇਗੀ ਕਾਰਪੋਰੇਸ਼ਨ ਆਫ਼ ਨਿਊਯਾਰਕ ਵੱਲੋਂ ਤਿਆਰ ਕੀਤਾ ਗਿਆ ਹੈ। ਅਮਰੀਕਾ ਅਤੇ ਉਸ ਦੀ ਜਮਹੂਰੀਅਤ ਨੂੰ ਆਪਣੇ ਯੋਗਦਾਨ ਅਤੇ ਕੰਮਾਂ ਰਾਹੀਂ ਮਜ਼ਬੂਤ ਕਰਨ ਵਾਲੇ ਪਰਵਾਸੀਆਂ ਨੂੰ ਇਸ ਸੂਚੀ ’ਚ ਸ਼ਾਮਲ ਕੀਤਾ ਜਾਂਦਾ ਹੈ। ਅਜੈ ਬੰਗਾ ‘ਗਰੇਟ ਇਮੀਗਰੈਂਟਸ’ ਦੀ ਸੂਚੀ ’ਚ ਇਸ ਵਰ੍ਹੇ ਸਨਮਾਨਿਤ ਹੋਣ ਵਾਲੇ ਇਕੱਲੇ ਭਾਰਤੀ ਹਨ। ਕਾਰਨੇਗੀ ਕਾਰਪੋਰੇਸ਼ਨ ਆਫ਼ ਨਿਊਯਾਰਕ ਵੱਲੋਂ ਹਰ ਸਾਲ ਅਮਰੀਕਾ ਦੇ ਆਜ਼ਾਦੀ ਦਿਹਾੜੇ ’ਤੇ ਚਾਰ ਜੁਲਾਈ ਨੂੰ ਉੱਘੀ ਹਸਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਕਾਰਪੋਰੇਸ਼ਨ ਵੱਲੋਂ ਇਸ ਸਾਲ 33 ਮੁਲਕਾਂ ਦੇ 35 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਵੀਅਤਨਾਮ ’ਚ ਜਨਮੇ ਅਕੈਡਮੀ ਐਵਾਰਡ ਜੇਤੂ ਅਦਾਕਾਰ ਕੀ ਹੁਏ ਕੁਆਨ, ਚਿੱਲੀ ’ਚ ਜਨਮੇ ਅਦਾਕਾਰ ਪੈਡਰੋ ਪਾਸਕਲ, ਵਿਸ਼ਵ ਵਪਾਰ ਜਥੇਬੰਦੀ ਦੇ ਡਾਇਰੈਕਟਰ ਜਨਰਲ ਅਤੇ ਨਾਇਜੀਰੀਆ ’ਚ ਜਨਮੇ ਨਗੋਜ਼ੀ ਓਕੋਂਜੋ-ਇਵੀਆਲਾ, ਅਮਰੀਕੀ ਕਾਂਗਰਸਮੈਨ ਟੈੱਡ ਲਿਯੂ ਅਤੇ ਗਰੈਮੀ ਐਵਾਰਡ ਜੇਤੂ ਗਾਇਕ ਐਂਗਲਿਕ ਕਿਡਜੋ ਆਦਿ ਸ਼ਾਮਲ ਹਨ। ਕਾਰਨੇਗੀ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਬੰਗਾ ਦਾ ਅਹਿਮ ਅਹੁਦਿਆਂ ’ਤੇ ਕੰਮ ਕਰਨ ਦਾ 30 ਸਾਲ ਦਾ ਤਜਰਬਾ ਹੈ ਅਤੇ ਵਿਸ਼ਵ ਬੈਂਕ ਦੇ ਅਹੁਦੇ ’ਤੇ ਤਾਇਨਾਤੀ ਦੌਰਾਨ ਉਨ੍ਹਾਂ ਵੱਲੋਂ ਕਈ ਸੁਧਾਰ ਵਾਲੀਆਂ ਨੀਤੀਆਂ ਲਾਗੂ ਕੀਤੇ ਜਾਣ ਦੀ ਆਸ ਹੈ। ਇਨ੍ਹਾਂ ’ਚ ਗਰੀਬੀ ਖ਼ਤਮ ਕਰਨ ਅਤੇ ਵਾਤਾਵਰਨ ਪਰਿਵਰਤਨ ਨਾਲ ਟਾਕਰੇ ਦੀਆਂ ਨੀਤੀਆਂ ਸ਼ਾਮਲ ਹਨ।