ਨਵੀਂ ਦਿੱਲੀ, 8 ਨਵੰਬਰ

ਕਾਂਗਰਸ ਨੇ ਅਗਸਤਾ ਵੇਸਟਲੈਂਡ ਦੀ ਮਾਲਕੀ ਵਾਲੀ ਕੰਪਨੀ ਫਿਨਮੇਕਾਨਿਕਾ ’ਤੋਂ ਖਰੀਦ ਪਾਬੰਦੀ ਹਟਾਏ ਜਾਣ ਦੀਆਂ ਖ਼ਬਰਾਂ ਦੇ ਚੱਲਦੇ ਸੋਮਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਸਵਾਲ ਕੀਤਾ ਕਿ ਮੋਦੀ ਸਰਕਾਰ ਅਤੇ ਫਿਨਮੇਕਾਨਿਕਾ ਵਿਚਾਲੇ ਕੀ ‘ਗੁਪਤ ਸੌਦਾ’ ਹੋਇਆ ਹੈ। ਭਾਰਤ ਨੇ 12 ਵੀਵੀਆਈਪੀ ਹੈਲੀਕੌਪਟਰਾਂ ਦੀ ਖਰੀਦ ਨਾਲ ਜੁੜੇ ਸੌਦੇ ਦੀ ਕਥਿਤ ਉਲੰਘਣਾ ਅਤੇ ਰਿਸ਼ਵਤ ਦੇ ਦੋਸ਼ਾਂ ਦੇ ਚੱਲਦੇ ਫਿਨਮੇਕਾਨਿਕਾ ਦੀ ਬ੍ਰਿਟਿਸ਼ ਇਕਾਈ ਅਗਸਤਾ ਵੇਸਟਲੈਂਡ ਨਾਲ ਸਾਲ 2014 ਵਿੱਚ ਹੋਇਆ ਸਮਝੌਤਾ ਖਤਮ ਕਰ ਦਿੱਤਾ ਸੀ। ਭਾਜਪਾ ਨੇ ਉਦੋਂ ਕਾਂਗਰਸ ’ਤੇ ਦੋਸ਼ ਲਾਇਆ ਸੀ ਕਿ ਉਸ ਦੇ ਨੇਤਾਵਾਂ ਨੂੰ ਇਸ ਸੌਂਦੇ ਵਿੱਚ ਕੀ ਕਥਿਤ 450 ਕਰੋੜ ਦੀ ਰਿਸ਼ਵਤ ਮਿਲੀ ਸੀ। ਹੁਣ ਫਿਨਮੇਕਾਨਿਕਾ ਕੰਪਨੀ ’ਤੇ ਖਰੀਦ ਸਬੰਧੀ ਲੱਗੀ ਰੋਕ ਹਟਾਏ ਜਾਣ ਦੀ ਖ਼ਬਰ ਆਉਣ ਬਾਅਦ ਕਾਂਗਰਸ ਨੇ ਮੋਦੀ ਸਰਕਾਰ ’ਤੇ ਹਮਲਾ ਬੋਲਿਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਮੀਡੀਆ ਦੇ ਦੋਸਤਾਂ ਨੇ 2019 ਦੀਆਂ ਸੰਸਦੀ ਚੋਣਾਂ ਵਿੱਚ ਮੋਦੀ ਸਰਕਾਰ ਵੱਲੋਂ ਲੀਕ ਕੀਤੇ ਗਏ ਫਰਜ਼ੀ ਦਸਤਾਵੇਜ਼ ਦਿਖਾਉਣ ਜਾਂ ਯੂਪੀਏ ਖਿਲਾਫ਼ ਝੂਠੀ ਕਹਾਣੀ ਘੜ੍ਹਨ ਵਿੱਚ ਹਜ਼ਾਰਾਂ ਘੰਟਿਆਂ ਦਾ ਸਮਾਂ ਲਾਇਆ। ਕੀ ਮੀਡੀਆ ਦੇ ਇਹ ਦੋਸਤ ਹੁਣ ਅਗਸਤਾ ਕੰਪਨੀ ਨਾਲ ‘ਗੁਪਤ ਸੌਦੇ’ ਬਾਰੇ ਮੋਦੀ ਸਰਕਾਰ ਤੋਂ ਸਵਾਲ ਪੁੱਛਣ ਦੀ ਹਿੰਮਤ ਕਰਨਗੇ। ’’ ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ ਮੋਦੀ ਸਰਕਾਰ ਅਤੇ ਅਗਸਤਾ/ਫਿਨਮੇਕਾਨਿਕਾ ਵਿਚਾਲੇ ‘ਗੁਪਤ ਸੌਦਾ’ ਹੋਇਆ ਹੈ? ਕੀ ਹੁਣ ਉਸ ਕੰਪਨੀ ਨਾਲ ਸੌਦਾ ਕਰਨਾ ਠੀਕ ਹੈ, ਜਿਸ ਨੂੰ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟ ਰਿਸ਼ਵਤ ਦੇਣ ਵਾਲੀ ਫਰਜ਼ੀ ਕੰਪਨੀ ਦੱਸਿਆ ਸੀ? ਕੀ ਫਰਜ਼ੀ ਭ੍ਰਿਸ਼ਟਾਚਾਰ ਦੇ ਨਕਲੀ ਦਲਦਲ ਨੂੰ ਦਫ਼ਨ ਕੀਤਾ ਜਾ ਰਿਹਾ ਹੈ? ਮੌਕਾਜੀਵੀ ਮੋਦੀ ਜੀ, ਦੇਸ਼ ਜਵਾਬ ਮੰਗ ਰਿਹਾ ਹੈ। ’’ ਕਾਂਗਰਸੀ ਬੁਲਾਰੇ ਗੌਰਵ ਵੱਲਭ ਨੇ ਇਸ ਸਬੰਧੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਹਾਲ ਹੀ ਦੇ ਇਟਲੀ ਦੌਰੇ ਦੌਰਾਨ ਇਕ ‘ਗੁਪਤ ਮੀਟਿੰਗ’ ਹੋਈ ਸੀ, ਜਿਸ ਮਗਰੋਂ ਫਿਨਮੇਕਾਨਿਕਾ ਨਾਲ ਖਰੀਦ ਸਬੰਧੀ ਪਾਬੰਦੀ ਹਟਾਈ ਗਈ ਹੈ।