ਨਵੀਂ ਦਿੱਲੀ, ਭਾਰਤੀ ਹਵਾਈ ਫ਼ੌਜ ਅਗਲੇ ਦੋ ਦਹਾਕਿਆਂ ਦੌਰਾਨ 350 ਜਹਾਜ਼ਾਂ ਦੀ ਖਰੀਦ ’ਤੇ ਵਿਚਾਰ ਕਰ ਰਹੀ ਹੈ। ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਹਵਾਈ ਸੈਨਾ ਮੁਖੀ ਨੇ ਭਾਰਤੀ ਏਰੋਸਪੇਸ ਸੈਕਟਰ ’ਤੇ ਕਾਨਫਰੰਸ ਵਿੱਚ ਆਪਣੇ ਸੰਬੋਧਨ ਵਿੱਚ ਚੀਨ ਵੱਲੋਂ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਹਵਾਈ ਫ਼ੌਜ ਦੀ ਸਮੁੱਚੀ ਤਾਕਤ ਨੂੰ ਹੋਰ ਮਜ਼ਬੂਤ ​ਤੇ ਵਿਕਸਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉੱਤਰੀ ਇਲਾਕੇ ਨੂੰ ਵੇਖਦਿਆਂ ਸਾਡੇ ਕੋਲ ਉੱਚ ਪੱਧਰੀ ਤਕਨਾਲੋਜੀ ਹੋਣੀ ਚਾਹੀਦੀ ਹੈ। ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਹੋਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਅਗਲੇ ਦੋ ਦਹਾਕਿਆਂ ਵਿੱਚ ਦੇਸ਼ ਤੋਂ ਕਰੀਬ 350 ਜਹਾਜ਼ਾਂ ਦੀ ਖਰੀਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।