ਮੁੰਬਈ, 14  ਜਨਵਰੀ

ਅਦਾਕਾਰਾ ਪਰਿਨੀਤੀ ਚੋਪੜਾ ਦੀ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ 26 ਫ਼ਰਵਰੀ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਰਿਭੂ ਦਾਸਗੁਪਤਾ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 2016 ਵਿੱਚ ਆਈ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ ਦਾ ਰੀਮੇਕ ਹੈ, ਜਿਸ ਵਿੱਚ ਅਦਾਕਾਰਾ ਐਮਿਲੀ ਬਲੰਟ ਸੀ। ਇਸ ਫ਼ਿਲਮ ਦੀ ਕਹਾਣੀ ਇਸੇ ਨਾਂ ’ਤੇ ਪੌਲ ਹਾਕਿੰਗਜ਼ ਦੇ 2015 ਵਿੱਚ ਸਭ ਤੋਂ ਵੱਧ ਵਿਕੇ ਨਾਵਲ ’ਤੇ ਆਧਾਰਤ ਹੈ। ਇਹ ਖ਼ਬਰ ਨੈੱਟਫਲਿਕਸ ਦੇ ਅਧਿਕਾਰਤ ਟਵਿੱਟਰ ਹੈਂਡਲ ਦੁਆਰਾ ਸਾਂਝੀ ਕੀਤੀ ਗਈ, ਜਿਸ ਵਿੱਚ ਫ਼ਿਲਮ ਦਾ 20 ਸੈਕਿੰਡ ਦਾ ਟਰੇਲਰ ਵੀ ਅਪਲੋਡ ਕੀਤਾ ਗਿਆ। ਪੋਸਟ ’ਚ ਲਿਖਿਆ, ‘‘ਪਰਨੀਤੀ ਚੋਪੜਾ ਦੇ ਇਸ ਨਿਵੇਕਲੇ ਰੇਲ ਸਫ਼ਰ ਦਾ ਹਿੱਸਾ ਬਣੋ। ਚਿਤਾਵਨੀ: ਆਪਣੀ ਜ਼ਿੰਮੇਵਾਰੀ ’ਤੇ ਚੜ੍ਹਿਓ।’’ 

ਹਿੰਦੀ ਭਾਸ਼ਾ ’ਚ ਬਣੀ ਇਸ ਫ਼ਿਲਮ ਵਿੱਚ ਚੋਪੜਾ 32 ਸਾਲਾ ਪਿਆਕੜ ਤਲਾਕਸ਼ੁਦਾ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਇੱਕ ਗੁੰਮਸ਼ੁਦਾ ਵਿਅਕਤੀ ਦੀ ਪੜਤਾਲ ਵਿੱਚ ਸ਼ਾਮਲ ਹੁੰਦੀ ਹੈ। ਯੂਕੇ ਦੇ ਸੈੱਟ ’ਤੇ ਬਣੀ ਇਸ ਫ਼ਿਲਮ ਵਿੱਚ ਅਦਿੱਤੀ ਰਾਓ ਹੈਦਰੀ, ਕੀਰਤੀ ਕੁਲਹਾਰੀ ਅਤੇ ਅਵਿਨਾਸ਼ ਤਿਵਾੜੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਹੈਦਰੀ ਨੇ ਲਿਖਿਆ, ‘‘ਸਾਡੇ ਨਾਲ ਉਸ ਸਫ਼ਰ ਦਾ ਹਿੱਸਾ ਬਣੋ, ਜੋ ਤੁਸੀਂ ਲੰਮਾ ਸਮਾਂ ਨਹੀਂ ਭੁੱਲੋਗੇ। #ਟੀਜੀਓਟੀਟੀ 26 ਫਰਵਰੀ ਨੂੰ, ਸਿਰਫ਼ ਨੈੱਟਫਲਿਕਸ ’ਤੇ।’’ ਤਿਵਾੜੀ ਜੋ ਪਿਛਲੇ ਸਾਲ ਨੈੱਟਫਲਿਕਸ ਆਧਾਰਤ ‘ਬੁਲਬੁਲ’ ਵਿੱਚ ਵੀ ਦਿਖਾਈ ਦਿੱਤੇ ਸਨ, ਨੇ ਟਰੇਲਰ ਸਾਂਝਾ ਕਰਦਿਆਂ ਲਿਖਿਆ, ‘‘ਇੱਕ ਕਤਲ… ਇੱਕ ਸ਼ੱਕੀ.. ਇੱਕ ਰਹੱਸ। ਇਹ ਉਹ ਰੇਲਗੱਡੀ ਹੈ, ਜਿਸ ਤੋਂ ਤੁਸੀਂ ਖੁੰਝਣਾ ਨਹੀਂ ਚਾਹੋਗੇ।’’ ਇਹ ਫ਼ਿਲਮ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਤਿਆਰ ਕੀਤੀ ਗਈ ਹੈ।