ਓਨਟਾਰੀਓ : ਇਸ ਹਫਤੇ ਲਿਬਰਲ ਐਮਪੀਜ਼ ਲੰਡਨ, ਓਨਟਾਰੀਓ ਵਿੱਚ ਇੱਕਠੇ ਹੋਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਰਥਚਾਰੇ ਤੇ ਹਾਊਸਿੰਗ ਸੰਕਟ ਨਾਲ ਸਹੀ ਢੰਗ ਨਾਲ ਨਾ ਨਜਿੱਠੇ ਜਾਣ ਕਾਰਨ ਜਨਤਾ ਵਿੱਚ ਪਾਈ ਜਾ ਰਹੀ ਬੇਚੈਨੀ ਕਾਰਨ ਅਗਲੀ ਰਣਨੀਤੀ ਤੈਅ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ।
ਲੰਮੇਂ ਸਮੇਂ ਤੋਂ ਲਿਬਰਲਾਂ ਦੇ ਰਣਨੀਤੀਕਾਰ ਰਹੇ ਗ੍ਰੈਗ ਮੈਕਈਕਰਨ ਨੇ ਆਖਿਆ ਕਿ ਟਰੂਡੋ ਨੂੰ ਆਪਣੇ ਐਮਪੀਜ਼ ਤੋਂ ਇਸ ਬਾਰੇ ਕਾਫੀ ਕੁੱਝ ਸੁਣਨਾ ਪੈ ਸਕਦਾ ਹੈ। ਐਮਪੀਜ਼ ਇਸ ਲਈ ਔਖੇ ਹਨ ਕਿਉਂਕਿ ਉਨ੍ਹਾਂ ਦੇ ਹਲਕਾ ਵਾਸੀ ਉਨ੍ਹਾਂ ਨੂੰ ਇਹ ਆਖ ਰਹੇ ਹਨ।ਪਾਰਟੀ ਦੇ 158 ਐਮਪੀਜ਼ ਵਿੱਚੋਂ ਬਹੁਤੇ ਦੱਖਣੀ ਓਨਟਾਰੀਓ ਦੇ ਇਸ ਸ਼ਹਿਰ ਵਿੱਚ ਤਿੰਨ ਦਿਨਾਂ ਲਈ ਮਿਲਣਗੇ ਤੇ ਅਗਲੀ ਪਾਰਲੀਆਮੈਂਟਰੀ ਸਿਟਿੰਗ ਲਈ ਰਣਨੀਤੀ ਤੈਅ ਕਰਨਗੇ।
ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ 2015 ਵਿੱਚ ਸੱਤਾ ਸਾਂਭਣ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਲਿਬਰਲਾਂ ਨੂੰ ਐਨਾ ਘੱਟ ਸਮਰਥਨ ਮਿਲ ਰਿਹਾ ਹੋਵੇ। ਇਸ ਨਾਲ ਯਕੀਨਨ ਕੰਜ਼ਰਵੇਟਿਵਾਂ ਨੂੰ ਫਾਇਦਾ ਹੋ ਰਿਹਾ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਤਾਂ ਇਹ ਵੀ ਆਖਿਆ ਗਿਆ ਕਿ ਕੁੱਝ ਐਮਪੀਜ਼ ਜਿਹੜੇ ਕੈਬਨਿਟ ਵਿੱਚ ਸ਼ਾਮਲ ਨਹੀਂ ਹਨ, ਇਹ ਆਖਦੇ ਫਿਰ ਰਹੇ ਹਨ ਕਿ ਪਾਰਟੀ ਸਹੀ ਢ਼ੰਗ ਨਾਲ ਕੰਮ ਨਹੀਂ ਕਰ ਰਹੀ ਤੇ ਟਰੂਡੋ ਉਨ੍ਹਾਂ ਐਮਪੀਜ਼ ਦੀ ਗੱਲ ਹੀ ਨਹੀਂ ਸੁਣਦੇ ਜਿਹੜੇ ਕੈਬਨਿਟ ਵਿੱਚ ਨਹੀਂ ਹਨ।
ਕੁੱੱਝ ਸੀਨੀਅਰ ਲਿਬਰਲ ਆਗੂਆਂ ਦਾ ਮੰਨਣਾ ਹੈ ਕਿ ਹਾਊਸਿੰਗ ਸੰਕਟ ਤੇ ਅਫੋਰਡੇਬਿਲਿਟੀ ਵਰਗੇ ਅਹਿਮ ਮੁੱਦਿਆਂ ਦਾ ਚੇਤਾ ਸਾਨੂੰ ਉਦੋਂ ਤੱਕ ਨਹੀਂ ਆਇਆ ਜਦੋਂ ਤੱਕ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਇਨ੍ਹਾਂ ਦੀ ਵਰਤੋਂ ਕਰਕੇ ਆਪਣੇ ਸਮਰਥਕਾਂ ਦੀ ਗਿਣਤੀ ਨਹੀਂ ਵਧਾ ਲਈ। ਉਹ ਮੰਨਦੇ ਹਨ ਕਿ ਸਰਕਾਰ ਦਾ ਧਿਆਨ ਸਪਲਾਈ ਚੇਨ ਦੀਆਂ ਸਮੱਸਿਆਵਾਂ, ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਤੇ ਕੋਵਿਡ-19 ਮਹਾਂਮਾਰੀ ਉੱਤੇ ਲੱਗੀਆਂ ਹੋਈਆਂ ਹਨ।