ਹੈਦਰਾਬਾਦ:ਅਦਾਕਾਰ ਵਿਸ਼ਵਕ ਸੇਨ ਅਤੇ ਰੁਖ਼ਸ਼ਾਰ ਢਿੱਲੋਂ ਦੀ ਫਿਲਮ ‘ਅਸ਼ੋਕਾ ਵਨਾਮਲੋ ਅਰਜੁਨਾ ਕਲਿਆਣਮ’ ਦਾ ਅੱਜ ਟੀਜ਼ਰ ਰਿਲੀਜ਼ ਕੀਤਾ ਗਿਆ। ਵਿਸ਼ਵਕ ਸੇਨ ਇਸ ਫਿਲਮ ਵਿਚ ਅਰਜੁਨ ਕੁਮਾਰ ਆਲਮ ਨਾਂ ਦੇ ਇਕ ਦਰਮਿਆਨੀ ਉਮਰ ਦੇ ਕੁਆਰੇ ਲੜਕੇ ਦੇ ਰੂਪ ਵਿਚ ਨਜ਼ਰ ਆਵੇਗਾ। ਅਜਿਹੀ ਦਿੱਖ ਵਿਚ ਉਹ ਪਹਿਲਾਂ ਕਿਸੇ ਫਿਲਮ ਵਿਚ ਨਜ਼ਰ ਨਹੀਂ ਆਇਆ। ਟੀਜ਼ਰ ਤੋਂ ਫਿਲਮ ਦੇ ਸਾਰ ਬਾਰੇ ਪਤਾ ਲੱਗਦਾ ਹੈ। ਟੀਜ਼ਰ ਦੇ ਸ਼ੁਰੂ ਵਿਚ ਸੁਣਾਈ ਦਿੰਦਾ ਹੈ, ‘‘ਕੀ ਤੁਸੀਂ ਕਦੇ ‘ਅਰੇਂਜਡ ਮੈਰਿਜ’ ਬਾਰੇ ਸੁਣਿਆ ਹੈ, ਜੋ ਅੰਤਰ-ਜਾਤੀ ਵੀ ਹੋਵੇ?’’ ਇਹ ਫਿਲਮ ਦੇ ਮੁੱਖ ਕਿਰਦਾਰ ਦੀ ਨਿਰਾਸ਼ਾ ਵੱਲ ਇਸ਼ਾਰਾ ਕਰਦਾ ਹੈ। ਫਿਲਮ ਵਿਚ ਵਿਸ਼ਵਕ ਫਿਲਮ ਦੀ ਅਦਾਕਾਰਾ ਰੁਖ਼ਸ਼ਾਰ ਦੀ ਦਿੱਖ ਤੋਂ ਪ੍ਰਭਾਵਿਤ ਹੁੰਦਾ ਹੈ ਪਰ ਉਸ ਨੂੰ ਗੱਲਬਾਤ ਸ਼ੁਰੂ ਕਰਨ ਵਿਚ ਮੁਸ਼ਕਲ ਆਉਂਦੀ ਹੈ। ਜਿਵੇਂ-ਜਿਵੇਂ ਟੀਜ਼ਰ ਅੱਗੇ ਵਧਦਾ ਹੈ, ਜੋੜੇ ਵਿਚ ਤਣਾਅ ਵਧਦਾ ਜਾਂਦਾ ਹੈ ਅਤੇ ਅਰਜੁਨ ਕਾਫੀ ਦੁਖੀ ਹੋ ਜਾਂਦਾ ਹੈ। ਅਦਾਕਾਰ ਕਹਿੰਦਾ ਹੈ, ‘‘ਜਦੋਂ ਤਕ ਅਸੀਂ ਸ਼ਰਾਬ ਪੀਂਦੇ ਹਾਂ, ਅਸੀਂ ਹੰਝੂ ਨਹੀਂ ਵਹਾ ਸਕਦੇ ਅਤੇ ਸ਼ਰਾਬੀ ਦੇ ਹੰਝੂਆਂ ਦੀ ਕੋਈ ਕੀਮਤ ਨਹੀਂ ਹੁੰਦੀ।’’

ਫਿਲਮ ਵਿਚ ਰਾਮੰਨਾ ਗੋਪਾਰਾਜੂ, ਕੇਦਾਰ ਸ਼ੰਕਰ, ਕਾਦੰਬਰੀ ਕਿਰਨ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ। ਰਵੀਕਿਰਨ ਕੋਲਾ ਦੀ ਲਿਖੀ ਅਤੇ ਵਿੱਦਿਆ ਸਾਗਰ ਚਿੰਤਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਚਾਰ ਮਾਰਚ ਨੂੰ ਰਿਲੀਜ਼ ਹੋਵੇਗੀ।