ਮੁੰਬਈ:ਉੱਘੇ ਪਟਕਥਾ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਅੱਜ ਇੱਥੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਅਪਰਾਧਕ ਮਾਣਹਾਨੀ ਦੇ ਕੇਸ ’ਚ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਅਖ਼ਤਰ ਨੇ ਕੰਗਨਾ ਖ਼ਿਲਾਫ਼ ਕੇਸ ਕੀਤਾ ਹੋਇਆ ਹੈ। ਹਿੰਦੀ ਸਿਨੇਮਾ ਜਗਤ ਦੀ ਉੱਘੀ ਸ਼ਖ਼ਸੀਅਤ ਅਖ਼ਤਰ ਦੇ ਵਕੀਲ ਜੈ ਭਾਰਦਵਾਜ ਨੇ ਅਦਾਲਤ ਵਿਚ ਕਿਹਾ ਕਿ ਰਣੌਤ ਇਕ ਤੋਂ ਬਾਅਦ ਇਕ ਕਾਰਨ ਦੇ ਕੇ ਸੁਣਵਾਈ ਤੋਂ ਬਚਦੀ ਰਹੀ ਹੈ। ਕੰਗਨਾ ਆਖ਼ਰੀ ਵਾਰ 20 ਸਤੰਬਰ ਨੂੰ ਅੰਧੇਰੀ ਦੀ ਅਦਾਲਤ ਵਿਚ ਪੇਸ਼ ਹੋਈ ਸੀ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਦੇ ਵਿਹਾਰ ਤੋਂ ਇਹ ਸਪੱਸ਼ਟ ਤੌਰ ’ਤੇ ਜ਼ਾਹਿਰ ਹੁੰਦਾ ਹੈ ਕਿ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਉਹ ਮਾਮਲੇ ਵਿਚ ਦੇਰੀ ਲਈ ਹਰ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਦਾਲਤ ਅੱਗੇ ਝੂਠੀ ਤੇ ਗ਼ਲਤ ਬਿਆਨਬਾਜ਼ੀ ਕਰ ਰਹੀ ਹੈ। ਦੂਜੇ ਸ਼ਬਦਾਂ ਵਿਚ ਉਹ ਸੁਣਵਾਈ ਨੂੰ ਲੀਹੋਂ ਲਾਹੁਣ ਦਾ ਯਤਨ ਕਰ ਰਹੀ ਹੈ। ਅਦਾਲਤ ਨੇ ਕੰਗਨਾ ਦੇ ਵਕੀਲ ਨੂੰ 4 ਜਨਵਰੀ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ।