ਅੰਮ੍ਰਿਤਸਰ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਸਰਕਾਰ ਵੇਲੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ  ਦੇ ਲਾਏ ਦੋਸ਼ ਬੇਬੁਨਿਆਦ ਹਨ। ਉਹ ਅੱਜ ਇੱਥੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ। ਉਹ ਪਰਿਵਾਰ ਵੱਲੋਂ ਪ੍ਰਕਾਸ਼ ਕਰਾਏ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੇ ਲਾਏ ਦੋਸ਼ਾਂ ਸਬੰਧੀ ਇਕ ਵੀ ਅਜਿਹੀ ਉਦਾਹਰਨ ਨਹੀਂ ਦਿੱਤੀ ਗਈ, ਜਿੱਥੇ ਸਰਕਾਰੀ ਹੈਲੀਕਾਪਟਰ ਦੀ ਨਿੱਜੀ ਵਰਤੋਂ ਹੋਈ ਹੋਵੇ। ਉਨ੍ਹਾਂ ਆਖਿਆ ਕਿ ਇਹ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਕਿਧਰੇ ਵੀ ਨਹੀਂ ਜਾ ਰਹੇ ਤਾਂ ਕੀ ਸਰਕਾਰ ਵੱਲੋਂ ਪੈਟਰੋਲ ਬਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਉਣ ਵਾਲਿਆਂ ਨੂੰ ਆਖਿਆ ਕਿ ਇਹ ਕੋਈ ਲਾਫਟਰ ਚੈਨਲ ਨਹੀਂ ਹੈ, ਜਿੱਥੇ ਬੇਬੁਨਿਆਦ ਦੋਸ਼ ਲਾਏ ਜਾਣ। ਦੱਸਣਯੋਗ ਹੈ ਕਿ ਇਹ ਦੋਸ਼ ਬੀਤੇ ਦਿਨੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲਾਏ ਗਏ ਸਨ।
ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਸ੍ਰੀ ਸਿੱਧੂ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਵੀ ਠੰਢੇ ਬਸਤੇ ਪਾ ਦਿੱਤਾ ਹੈ। ਅਜਿਹਾ ਕਰਕੇ ਉਹ ਲੋਕਾਂ ਦੇ ਧਨ ਨੂੰ ਅਜਾਈਂ ਕਰ ਰਹੇ ਹਨ, ਕਿਉਂਕਿ ਇਹ ਯੋਜਨਾਵਾਂ ਲੋਕਾਂ ਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਸੈਰ-ਸਪਾਟਾ ਮੰਤਰੀ ਵਜੋਂ ਢੁਕਵੇਂ ਨਹੀਂ ਹਨ। ਬਰਗਾੜੀ ਕਾਂਡ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਕਾਂਗਰਸ ਸਰਕਾਰ ਸਿਆਸਤ ਖੇਡ ਰਹੀ ਹੈ ਤੇ ਮੁੱਖ ਮੰਤਰੀ ਇਸ ਮਾਮਲੇ ਨੂੰ ਉਤਸ਼ਾਹਿਤ ਕਰ ਰਹੇ ਹਨ, ਜੋ ਸੂਬੇ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਆਖਿਆ ਕਿ ਬਰਗਾੜੀ ਮਾਮਲੇ ਵਿੱਚ ਲੋਕ ਨਿਆਂ ਚਾਹੁੰਦੇ ਹਨ। ਨਸ਼ਿਆਂ ਦੀ ਰੋਕਥਾਮ ਲਈ ਡੋਪ ਟੈਸਟ ਕੀਤੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਨਸ਼ੇ ਰੋਕਣ ਲਈ ਡੋਪ ਟੈਸਟ ਕਾਰਗਰ ਨਹੀਂ ਹੈ। ਡੋਪ ਟੈਸਟਾਂ ਨਾਲ ਪੰਜਾਬ ਨੂੰ ਮੁੜ ਨਸ਼ੇੜੀਆਂ ਦੇ ਸੂਬੇ ਵਜੋਂ ਬਦਨਾਮ ਕਰ ਦਿੱਤਾ ਗਿਆ ਹੈ। ‘ਆਪ’ ਦੇ ਵਿਧਾਇਕ ਨੂੰ ਵਿਦੇਸ਼ ਤੋਂ ਵਾਪਸ ਭੇਜੇ ਜਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ‘ਆਪ’ ਨੂੰ ਦੇਸ਼ ਵਿੱਚੋਂ ਵੀ ਡਿਪੋਰਟ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ‘ਆਪ’ ਨੂੰ ਜ਼ਮੀਨੀ ਹਕੀਕਤ ਦਾ ਪਤਾ ਲੱਗ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਮਗਰੋਂ ਅਖੰਡ ਪਾਠ ਦੇ ਭੋਗ ਵਿੱਚ ਸ਼ਾਮਲ ਹੋਏ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।