ਪਾਕਿਸਤਾਨ ਦੇ ਖਿਲਾਫ ਇਕ ਵੀ ਸ਼ਬਦ ਨਾ ਬੋਲਣ ‘ਤੇ ਆਪ ਵਿਧਾਇਕਾਂ ਦਾ ਚੇਹਰਾ ਹੋਇਆ ਨੰਗਾ : ਸਿਰਸਾ

ਵਿਧਾਨ ਸਭਾ ਵਿਚ ਬੋਲਣ ਦੀ ਆਗਿਆ ਨਾ ਮਿਲਣ ਕਾਰਨ ਰੋਸ ਮੁਜ਼ਾਹਰੇ ਲਈ  ਮਜਬੂਰ ਹੋਏ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ, 23 ਫਰਵਰੀ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਅੱਜ  ਵਿਧਾਨ ਸਭਾ ਕੰਪਲੈਕਸ ਵਿਚ ਅਤਿਵਾਦੀ ਹਾਫੀਜ਼ ਸਈਦ ਤੇ ਮੌਲਾਨਾ ਅਜ਼ਹਰ ਮਹਿਮੂਦ  ਦੇ ਪੁਤਲਿਆਂ ਦੇ ਜੁੱਤੀਆਂ ਮਾਰ ਕੇ ਰੋਸ ਮੁਜ਼ਾਹਰਾ ਕੀਤਾ ਤੇ ਆਖਿਆ ਕਿ ਇਹਨਾਂ ਅਤਿਵਾਦੀਆਂ ਸਾਡੀ  ਹਥਿਆਰਬੰਦ ਫੌਜ ਮਾਰ ਮੁਕਾਏਗੀ।

ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ, ਮਨਜਿੰਦਰ ਸਿੰਘ ਸਿਰਸਾ, ਓਮ ਪ੍ਰਕਾਸ਼ ਸ਼ਰਮਾ, ਜਗਦੀਸ਼ ਪ੍ਰਧਾਨ ਅਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਇਸ ਟੀਮ ਵਿਚ ਸ਼ਾਮਲ ਸਨ ਜਿਸਨੇ ਰੋਸ ਮੁਜ਼ਾਹਰਾ ਕੀਤਾ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਅਤਿਵਾਦੀ ਨਾ ਸਿਰਫ ਭਾਰਤ ਦੇ ਬਲਕਿ ਸਾਰੀ ਮਨੁੱਖਤਾ ਦੇ ਦੁਸ਼ਮਣ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਆਪਣੇ ਮੁਲਕ ਵਿਚ ਸ਼ਰਨ ਅਤੇ ਸ਼ਹਿ ਦੇ ਕੇ ਪਾਕਿਸਤਾਨ ਸਾਰੀ ਦੁਨੀਆਂ ਨਾਲ ਅਸਿੱਧੀ ਲੜਾਈ ਲੜ ਰਿਹਾ ਹੈ।  ਉਹਨਾਂ ਕਿਹਾ ਕਿ ਅੱਜ ਵਿਸ਼ਵ ਦੀਆਂ ਸਾਰੀਆਂ ਪ੍ਰਮੁੱਖ ਸ਼ਕਤੀਆਂ ਨੇ ਪਾਕਿਸਤਾਨ ਅਤੇ ਇਸਦੀ ਸਿਆਸੀ ਲੀਡਰਸ਼ਿਪ ਵੱਲੋਂ ਮਨੁੱਖਤਾ ਦੇ ਖਿਲਾਫ ਲੜਾਈ ਲੜ ਰਹੇ ਇਹਨਾਂ ਅਤਿਵਾਦੀਆਂ ਨੂੰ ਸ਼ਰਨ ਤੇ ਸਹਾਇਤਾ ਦੇਣ ਦੀ ਨਿਖੇਧੀ ਕੀਤੀ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਸਾਰੇ ਅਮਨ ਤੇ ਨਿਆਂ ਪਸੰਦ ਲੋਕਾਂ ਨੂੰ ਪਾਕਿਸਤਾਨ ਦੇ ਖਿਲਾਫ ਆਪਣੀ ਭੜਾਸ ਕੱਢਣ ਦਾ ਸੱਦਾ ਦਿੱਤਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਹੋਰ ਆਗੂ ਇਸ ਰੋਸ ਵਿਖਾਵੇ ਤੋਂ ਦੂਰ ਰਹੇ ਜਿਸਨੇ ਉਹਨਾਂ ਦੀ ਪਾਕਿਸਤਾਨ ਪੱਖੀ ਵਿਚਾਰਧਾਰਾ ਅਤੇ ਭਾਰਤ ਵਿਰੋਧੀ ਮਾਨਸਿਕਤਾ ਬੇਨਕਾਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ  ਇਸ ਪਾਰਟੀ ਦੇ ਆਗੂਆਂ ਨੇ ਵਾਰ ਵਾਰ ਸਰਜੀਕਲ ਸਟ੍ਰਾਈਕ ਤੇ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੀਆਂ ਗਈਆਂ  ਸਾਰੀਆਂ ਕਾਰਵਾਈਆਂ ਦੇ ਵਿਰੋਧ ਵਿਚ ਆਵਾਜ਼ ਉਠਾਈ ਤੇ ਹੁਣ ਇਹ ਪਾਕਿਸਤਾਨ ਵਿਰੋਧੀ ਮੁਜ਼ਾਹਰਿਆਂ ਤੋਂ ਦੂਰ ਰਹਿ ਕੇ ਸਿੱਧੇ ਤੌਰ ‘ਤੇ ਪਾਕਿਸਤਾਨ ਦੀ ਹਮਾਇਤ ‘ਤੇ ਉਤਰ ਆਏ ਹਨ।  ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਕਿਸਤਾਨੀ ਚੈਨਲ ਆਪਣੇ ਮੁਲਕ ਦੇ ਹੱਕ ਵਿਚ ਦਿੱਤੇ ਇਹਨਾਂ ਆਪ ਆਗੂਆਂ ਦੇ ਬਿਆਨ ਵਿਖਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਦੇ ਆਗੂ ਹੀ ਸਾਡੇ ਮੁਲਕ ਵਿਚ ਅਸਲ ਵਿਚ ਪਾਕਿਸਤਾਨ ਦੇ ਸਲੀਪਰ ਸੈਲ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ‘ਤੇ ਸਾਨੂੰ ਬੋਲਣ ਦਾ ਸਮਾਂ ਨਾ ਦੇਣ ਕਾਰਨ ਇਹ ਰੋਸ ਵਿਖਾਵਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੁਣੇ ਹੋਏ ਪ੍ਰਤੀਨਿਧਾਂ ਨੂੰ ਦੇਸ਼ ਦੇ ਹੱਕ ਵਿਚ ਆਪਣੀ ਆਵਾਜ਼ ਵਿਧਾਨ ਸਭਾ ਵਿਚ ਬੁਲੰਦ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਸਪੀਕਰ ਨੇ ਉਹਨਾਂ ਨੂੰ ਰੋਕ ਦਿੱਤਾ ਪਰ ਉਹ ਪਾਕਿਸਤਾਨ ਤੇ ਇਸਦੇ ਅਤਿਵਾਦੀਆਂ ਦੇ ਖਿਲਾਫ ਲੋਕਾਂ ਸਾਹਮਣੇ ਗੁੱਸਾ ਜ਼ਾਹਰ ਕਰਨ ਤੋਂ ਉਹਨਾ ਨੂੰ ਰੋਕ ਨਹੀਂ ਸਕਦੇ ਤੇ ਅਸੀਂ ਭਾਰਤੀ ਸੁਰੱਖਿਆ ਬਲਾਂ  ਤੇ ਆਪਣੇ ਮੁਲਕ ਦੇ ਹੱਕ ਵਿਚ ਆਪਣੀ ਆਵਾਜ਼ ਉਠਾਉਂਦੇ ਰਹਾਂਗੇ।