ਮੋਗਾ, 5 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਹਾਜੀਪੁਰ ਅਤੇ ਸੰਘਵਾਲ ਦਾ ਦੌਰਾ ਕਰਕੇ ਨਾਜਾਇਜ਼ ਖਣਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਨਜਾਇਜ਼ ਖਣਨ ਦੇ ਇਸ ਗੋਰਖਧੰਦੇ ਨੂੰ ਕਲੀਨ ਚਿੱਟ ਦੇ ਕੇ ਦਿਖਾਉਣ। ਸਾਬਕਾ ਉਪ ਮੁੱਖ ਮੰਤਰੀ ਨੇ ਨਜਾਇਜ਼ ਖਣਨ ਦੇ ਕਾਰੋਬਾਰ ਪਿੱਛੇ ਮੋਗਾ ਜ਼ਿਲ੍ਹੇ ਦੇ ਹਾਕਮ ਧਿਰ ਦੇ ਵਿਧਾਇਕ ਦੇ ਪੁੱਤ ਦਾ ਨਾਮ ਲਿਆ ਸੀ। ਇਸ ਮਗਰੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਸ਼ਨਿੱਚਰਵਾਰ ਦੇਰ ਸ਼ਾਮ ਦੋ ਘੰਟਿਆਂ ਲਈ ਬਾਘਾਪੁਰਾਣਾ ਚੌਕ ਵਿੱਚ ਹਾਕਮ ਧਿਰ ਦੇ ਵਿਧਾਇਕ ਦੇ ਨਜਾਇਜ਼ ਖਣਨ ਮਾਮਲੇ ’ਚ ਕਥਿਤ ਸ਼ਮੂਲੀਅਤ ਖ਼ਿਲਾਫ਼ ਧਰਨਾ ਦਿੱਤਾ ਸੀ।
ਬਾਘਾਪੁਰਾਣਾ ਪੁਲੀਸ ਨੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੀਆਂ ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਤੀਰਥ ਸਿੰਘ ਵਾਸੀ ਮਾਹਲਾ ਕਲਾਂ, ਤਰਲੋਚਨ ਸਿੰਘ ਠੇਕੇਦਾਰ ਵਾਸੀ ਕਾਲੇਕੇ, ਪਵਨ ਕੁਮਾਰ ਢੰਡ ਵਾਸੀ ਬਾਘਾਪੁਰਾਣਾ, ਇੰਦਰਜੀਤ ਸਿੰਘ ਠੇਕੇਦਾਰ ਵਾਸੀ ਬੁੱਧ ਸਿੰਘ ਵਾਲਾ, ਬਲਤੇਜ ਸਿੰਘ ਪ੍ਰਧਾਨ ਵਾਸੀ ਲੰਗੇਆਣਾ ਨਵਾਂ, ਦਰਸ਼ਨ ਸਿੰਘ ਸਾਬਕਾ ਕਰਨਲ ਵਾਸੀ ਸਮਾਧ ਭਾਈ, ਇਕੱਤਰ ਸਿੰਘ ਵਾਸੀ ਥਰਾਜ, ਜਗਮੋਹਨ ਸਿੰਘ ਵਾਸੀ ਜੈ ਸਿੰਘ ਵਾਲਾ, ਸਤਨਾਮ ਸਿੰਘ ਸੱਤੂ ਸਾਬਕਾ ਐੱਮਸੀ, ਗੁਰਜੀਤ ਸਿੰਘ ਵਾਸੀ ਕੋਟਲਾ ਰਾਏਕਾ, ਹਰਮੇਲ ਸਿੰਘ ਵਾਸੀ ਮੋੜ ਨੌ ਅਬਾਦ, ਬਚਿੱਤਰ ਸਿੰਘ ਚੇਅਰਮੈਨ ਵਾਸੀ ਕਾਲੇਕੇ, ਗੁਰਜੰਟ ਸਿੰਘ ਭੁੱਟੋ ਵਾਸੀ ਰੋਡੇ, ਨੰਦ ਸਿੰਘ ਸਾਬਕਾ ਐੱਮਸੀ, ਇੰਦਰਜੀਤ ਸਿੰਘ ਯੂਥ ਪ੍ਰਧਾਨ ਵਾਸੀ ਲੰਗੇਆਣਾ ਨਵਾਂ, ਪਿਰਥੀ ਸਿੰਘ ਐੱਮਸੀ ਬਾਘਾਪੁਰਾਣਾ, ਮਾਸਟਰ ਬਲਵਿੰਦਰ ਸਿੰਘ, ਮਾਸਟਰ ਅਜੀਤ ਸਿੰਘ, ਬਲਵੀਰ ਸਿੰਘ, ਮੰਦਰ ਸਿੰਘ ਵਾਸੀ ਮਾੜੀ ਮੁਸਤਫਾ, ਪਰਮਜੀਤ ਸਿੰਘ ਵਾਸੀ ਰੋਡੇ, ਛਿੰਦਾ ਸਿੰਘ ਸਾਬਕਾ ਸਰਪੰਚ, ਕਾਲਾ ਸਿੰਘ ਵਾਸੀ ਰਾਜੇਆਣਾ ਅਤੇ 150 ਨਾਮਲੂਮ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 283/188 ਤਹਿਤ ਕੇਸ ਦਰਜ ਕੀਤਾ ਗਿਆ ਹੈ।