ਚੰਡੀਗੜ੍ਹ, 10 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਝੇ ਸਿਵਲ ਕੋਡ ਦੇ ਮਾਮਲੇ ’ਤੇ ਮੁਸਲਿਮ ਤੇ ਈਸਾਈ ਭਾਈਚਾਰਿਆਂ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਉਨ੍ਹਾਂ ਦੀ ਰਾਇ ਜਾਣੀ ਜਿਸ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ 21ਵੇਂ ਕਾਨੂੰਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਅਕਾਲੀ ਦਲ ਨੇ ਇਸ ਮਾਮਲੇ ’ਤੇ ਇਕ ਸਬ ਕਮੇਟੀ ਗਠਿਤ ਕੀਤੀ ਹੋਈ ਹੈ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸਿਕੰਦਰ ਸਿੰਘ ਮਲੂਕਾ ਅਤੇ ਡਾ. ਦਲਜੀਤ ਸਿੰਘ ਚੀਮਾ ਮੈਂਬਰ ਹਨ।
ਮੁਸਲਿਮ ਤੇ ਈਸਾਈ ਭਾਈਚਾਰਿਆਂ ਦੇ ਮੈਂਬਰਾਂ ਨੇ ਅਕਾਲੀ ਦਲ ਵੱਲੋਂ ਸਾਰੀਆਂ ਸਬੰਧਤ ਧਿਰਾਂ ਦੀ ਰਾਇ ਲੈਣ ਲਈ ਕੀਤੀ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ 21ਵੇਂ ਕਾਨੂੰਨ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਸਾਂਝੇ ਸਿਵਲ ਕੋਡ ਦੀ ਨਾ ਕੋਈ ਲੋੜ ਹੈ ਤੇ ਨਾ ਹੀ ਇਸ ਦੀ ਕੋਈ ਇੱਛਾ ਹੈ ਤਾਂ ਇਸ ਦੇ ਬਾਵਜੂਦ 22ਵੇਂ ਕਾਨੂੰਨ ਕਮਿਸ਼ਨ ਨੇ ਇਸ ’ਤੇ ਨਵੇਂ ਸਿਰੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੀਟਿੰਗ ਵਿਚ ਮੁਸਲਿਮ ਭਾਈਚਾਰੇ ਤੋਂ ਜ਼ਾਹਿਦਾ ਸੁਲੇਮਾਨ, ਸਰਫਰੋਜ਼ ਅਲੀ ਭੁੱਟੋ ਮੋਗਾ, ਮੁਹੰਮਦ ਅਸਲਮ ਅਹਿਮਦਗੜ੍ਹ, ਕਰੀਫੁਕਰਾਨ ਅਹਿਮਦ ਅਹਿਮਦਗੜ੍ਹ, ਮੁਹੰਮਦ ਅਨਵਰ ਅਭੂ ਅਹਿਮਦਗੜ੍ਹ, ਮੁਹੰਮਦ ਯੂਨਿਸ ਅਹਿਮਦਗੜ੍ਹ, ਨਵਾਬ ਮਲਿਕ ਲੁਧਿਆਣਾ, ਮੁਹੰਮਦ ਇਰਸ਼ਾਦ ਲੁਧਿਆਣਾ, ਮੁਹੰਮਦ ਮੁਕਰਮ ਲੁਧਿਆਣਾ, ਫਾਰੂਕ ਖਾਨ ਮਾਲੇਰਕੋਟਲਾ, ਮੁਹੰਮਦ ਇਰਸ਼ਾਦ ਮਾਲੇਰਕੋਟਲਾ, ਕਰਮਦੀਨ ਮਾਲੇਰਕੋਟਲਾ, ਮੁਹੰਮਦ ਇਰਫਾਨ ਮਾਲੇਰਕੋਟਲਾ, ਮੁਹੰਮਦ ਹਮਜ਼ਾ ਮਾਲੇਰਕੋਟਲਾ ਅਤੇ ਖੁਰਸ਼ੀਦ ਕਾਸਮੀ ਮਾਲੇਰਕੋਟਲਾ ਅਤੇ ਈਸਾਈ ਭਾਈਚਾਰੇ ਤੋਂ ਅਗਸਟੀਨ ਦਾਸ ਲੁਧਿਆਣਾ, ਅਮਨਦੀਪ ਗਿੱਲ ਮਜੀਠਾ, ਜਸਪਾਲ ਮਸੀਹ ਅੰਮ੍ਰਿਤਸਰ, ਕਮਲਦੀਪ ਮਸੀਹ ਰਾਮਪੁਰਾ, ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ, ਵਲੈਤ ਮਸੀਹ ਅਜਨਾਲਾ ਅਤੇ
ਮਨਜੀਤ ਸਿੰਘ ਲੁਧਿਆਣਾ ਹਾਜ਼ਰ ਸਨ।