ਮਾਨਸਾ, 8 ਸਤੰਬਰ
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚੋਣਾਂ ’ਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਨੂੰ ਪੰਜਾਬੀਆਂ ਨਾਲ ਚੁਸਤ-ਚਲਾਕੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਘਬਰਾ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਜਾ ਰਹੀ ਹੈ। ਉਹ ਇੱਥੋਂ ਦੇ ਪਿੰਡ ਅਕਲੀਆ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਤੋਂ ਪਹਿਲਾਂ ਦਿੱਲੀ ਵਿੱਚ 2013 ਦੌਰਾਨ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਮਿਲ ਕੇ ਆਪਣੀ ਸਰਕਾਰ ਬਣਾਈ ਸੀ ਅਤੇ ਬਾਅਦ ਵਿੱਚ ਉਹ ਕਾਂਗਰਸ ਨੂੰ ਸਭ ਤੋਂ ਵੱਡੀ ਭ੍ਰਿਸ਼ਟ ਪਾਰਟੀ ਕਹਿਣ ਲੱਗੇ ਸਨ, ਜਦੋਂ ਕਿ ਹੁਣ ਕੇਜਰੀਵਾਲ ਰਾਹੁਲ ਗਾਂਧੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜਨ ਲਈ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਅਤੇ ਕਾਂਗਰਸ ਦੇ ਸਮਝੌਤੇ ਲਈ, ਜੋ ਆਗੂ ਵਿਰੋਧ ਕਰ ਰਹੇ ਹਨ, ਇਨ੍ਹਾਂ ਦੀ ਅਗਲੇ ਦਿਨਾਂ ਦੌਰਾਨ ਭਗਵੰਤ ਮਾਨ ਅਤੇ ਰਾਹੁਲ ਗਾਂਧੀ ਦੀ ਘੁਰਕੀ ਨੇ ਫੂਕ ਕੱਢ ਦੇਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੇ ਮੁੱਦੇ ’ਤੇ ਅਕਾਲੀ ਸਰਕਾਰ ’ਤੇ ਦੋਸ਼ ਲਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਖੁੱਲ੍ਹੇਆਮ ਕਰ ਦਿੱਤਾ ਹੈ ਅਤੇ ਹਰ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸ ਦੌਰਾਨ ਪਿੰਡ ਅਕਲੀਆ ਵਿੱਚ ਬੀਬੀ ਬਾਦਲ ਨੇ ਪੰਚਾਇਤ ਨੂੰ ਵਿਕਾਸ ਲਈ 5 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।