ਜੈਤੋ, ਅਕਾਲੀ ਦਲ ਦੇ ਸੰਕਟ ਮੋਚਨ ਲਈ ਕੀਤੀਆਂ ਜਾਣ ਵਾਲੀਆਂ ‘ਪੋਲ ਖੋਲ੍ਹ’ ਰੈਲੀਆਂ ਨੂੰ ਠੁੱਸ ਕਰਨ ਲਈ ਕਾਂਗਰਸ ਹਮਲਾਵਰ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਅੱਜ ਬੇਅਦਬੀ ਘਟਨਾਵਾਂ ਨਾਲ ਜੁੜੇ ਜੈਤੋ ਖੇਤਰ ਦੇ ਪਿੰਡਾਂ ਦਾ ਹੰਗਾਮੀ ਦੌਰਾ ਕੀਤਾ। ਕਾਂਗਰਸ ਆਗੂਆਂ ਨੇ ਬੇਅਦਬੀ ਮੁੱਦੇ ਉੱਤੇ ਅਕਾਲੀਆਂ ਨੂੰ ਘੇਰਦਿਆਂ ਹਮਲੇ ਕੀਤੇ। ਵਿਸ਼ੇਸ਼ ਗੱਲ ਇਹ ਰਹੀ ਕਿ ਕਿਸੇ ਵੀ ਬੁਲਾਰੇ ਦੀ ਜ਼ੁਬਾਨ ‘ਤੇ ਆਮ ਆਦਮੀ ਪਾਰਟੀ ਦਾ ਨਾਂਅ ਤੱਕ ਨਹੀਂ ਆਇਆ।
ਇਹ ਕਾਫ਼ਲਾ ਪੰਜਗਰਾਈਂ ਖੁਰਦ ’ਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਘਰ ਗਿਆ। ਇਨ੍ਹਾਂ ਸਕੇ ਭਰਾਵਾਂ ਦਾ ਨਾਂਅ ਬਰਗਾੜੀ ਬੇਅਦਬੀ ਕਾਂਡ ਨਾਲ ਜੋੜ ਕੇ ਪੁਲੀਸ ਨੇ ਬੇਹੱਦ ਤਸ਼ੱਦਦ ਢਾਹਿਆ ਸੀ। ਲੋਕ ਵਿਦਰੋਹ ਅੱਗੇ ਝੁਕਦਿਆਂ ਬਾਅਦ ਵਿੱਚ ਸਰਕਾਰ ਨੂੰ ਇਨ੍ਹਾਂ ਉੱਤੇ ਦਰਜ ਪੁਲੀਸ ਕੇਸ ਰੱਦ ਕਰਨਾ ਪਿਆ ਸੀ। ਟੀਮ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰੂ ਘਰ ਵਿੱਚ ਵੀ ਨਤਮਸਤਕ ਹੋਈ, ਜਿੱਥੋਂ ਪਾਵਨ ਸਰੂਪ ਦਿਨ ਦੀਵੀਂ ਚੋਰੀ ਹੋਇਆ ਸੀ। ਆਗੂਆਂ ਨੇ ਬਹਿਬਲ ਕਾਂਡ ਵਾਲੀ ਉਹ ਜਗ੍ਹਾ ਵੀ ਦੇਖੀ ਜਿੱਥੇ ਪੁਲੀਸ ਫਾਇਰਿੰਗ ਵਿੱਚ ਦੋ ਨੌਜਵਾਨ ਮਾਰੇ ਗਏ ਸਨ। ਬਾਅਦ ਵਿੱਚ ਬਹਿਬਲ ਕਲਾਂ ਵਿਖੇ ਵਿਸ਼ਾਲ ਜਨ ਸਭਾ ਦੌਰਾਨ ਸੁਨੀਲ ਜਾਖੜ ਨੇ ਦਰਜਨ ਤੋਂ ਵੀ ਵੱਧ ਵਾਰ ਸੁਖਬੀਰ ਸਿੰਘ ਬਾਦਲ ਨੂੰ ਵਿਅੰਗ ਨਾਲ ‘ਸੁਖਬੀਰ ਇੰਸਾ’ ਕਿਹਾ। ਉਨ੍ਹਾਂ ਆਖਿਆ ਕਿ ਕੋਲਿਆਂ ਵਾਲੀ ਨੂੰ ਨਾਲ ਲੈ ਕੇ ਚੱਲਣ ਵਾਲਿਆਂ ਨੂੰ ਦੂਰ ਧੱਕ ਕੇ ਬਿਠਾਏ ਬ੍ਰਹਮਪੁਰਾ, ਢੀਂਡਸਾ ਅਤੇ ਭੂੰਦੜ ਵਰਗਿਆਂ ਦੇ ਆਸਰੇ ਦੀ ਲੋੜ ਪੈ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਬਾਦਲ ਪਿਓ-ਪੁੱਤਾਂ ਤੋਂ ਇਲਾਵਾ ਬਿਕਰਮ ਮਜੀਠੀਆ ਅਤੇ ਮਨਤਾਰ ਸਿੰਘ ਬਰਾੜ ਉੱਪਰ ਤਾਬੜਤੋੜ ਹਮਲੇ ਕਰਦਿਆਂ ਬੇਅਦਬੀ ਨਾਲ ਜੁੜੇ ਘਟਨਾਕ੍ਰਮ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਖੁਲਾਸੇ ਕੀਤੇ। ਸ੍ਰੀ ਸਿੱਧੂ ਨੇ ਅਕਾਲੀ ਲੀਡਰਾਂ ਨੂੰ ਗਲੀਆਂ ਵਿੱਚ ਘੇਰਨ ਦੀ ਅਪੀਲ ਕੀਤੀ ਤਾਂ ਲੋਕਾਂ ਨੇ ਇਸ ਦਾ ਪ੍ਰਤੀਕਰਮ ਜੋਸ਼ੀਲੇ ਜੈਕਾਰਿਆਂ ਨਾਲ ਦਿੱਤਾ। ਉਨ੍ਹਾਂ ਨੇ ਸ੍ਰੀ ਜਾਖੜ ਨੂੰ ਸੰਬੋਧਨ ਹੁੰਦਿਆਂ ਧਾਰਾ 154 ਤਹਿਤ ਬਾਦਲਾਂ ਖ਼ਿਲਾਫ਼ ਐਫਆਈਆਰ ਦਰਜ ਕਰ ਕੇ ਜਲਦੀ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਿਸੇ ਕੰਮ ਕਾਰਨ ਜਲਦੀ ਚਲੇ ਗਏ ਪਰ ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਜੋਗਿੰਦਰ ਸਿੰਘ ਪੰਜਗਰਾਈਂ, ਮੁਹੰਮਦ ਸਦੀਕ, ਕੁਸ਼ਲਦੀਪ ਸਿੰਘ ਢਿੱਲੋਂ, ਪਵਨ ਗੋਇਲ ਆਦਿ ਨੇ ਸੰਬੋਧਨ ਕਰਦਿਆਂ ਅਕਾਲੀ ਦਲ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਵਿਧਾਇਕ ਹਰਜੋਤ ਕੰਵਲ, ਰਾਹੁਲ ਸਿੱਧੂ, ਕੁਲਦੀਪ ਸਿੰਘ ਵੈਦ, ਦਰਸ਼ਨ ਸਿੰਘ ਬਰਾੜ, ਹਰਪ੍ਰਤਾਪ ਸਿੰਘ ਅਜਨਾਲਾ, ਕੁਲਬੀਰ ਸਿੰਘ ਜੀਰਾ, ਉਪਿੰਦਰ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ।
ਦੋਸ਼ੀਆਂ ਨੂੰ ਸਖਤ ਸ਼ਜਾ ਦਿਵਾਉਣ ਦਾ ਭਰੋਸਾ
ਕੋਟਕਪੂਰਾ/ਫ਼ਰੀਦਕੋਟ: ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਰਗਾੜੀ, ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਮਿਸ਼ਨ ਕਾਇਮ ਕਰਨ ਦੇ ਫਰਜ਼ ਨੂੰ ਨਿਭਾਉਂਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਅਤੇ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਵਿੱਚ ਕਸੂਰਵਾਰ ਲੋਕਾਂ ਨੂੰ ਜਲਦੀ ਹੀ ਕਮਿਸ਼ਨ ਦੀ ਰਿਪੋਰਟ ਤੇ ਸਜ਼ਾ ਦਿਵਾਈ ਜਾਵੇਗੀ।’ ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਫ਼ਰੀਦਕੋਟ ਜ਼ਿਲੇ ਦੇ ਪਿੰਡ ਬਹਿਬਲ ਕਲਾਂ ਵਿੱਚ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸ੍ਰੀ ਬਲਬੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ ਆਦਿ ਮੰਤਰੀਆਂ ਅਤੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਨਾਲ ਬੇਅਦਬੀ ਕਾਂਡ ਨਾਲ ਸਬੰਧਤ ਪਿੰਡਾਂ ਦਾ ਦੌਰਾ ਵੀ ਕੀਤਾ। ਉਹ ਪੰਜਗਰਾਈਂ ਖੁਰਦ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਹਿਬਲ ਕਲਾਂ ਆਦਿ ਪਿੰਡ ਵੀ ਗਏ। ਇਸ ਮੌਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਿੰਡ ਦੀਆਂ ਔੌਰਤਾਂ ਨੇ ਸ੍ਰੀ ਸੁਨੀਲ ਜਾਖੜ ਅੱਗੇ ਮੰਗ ਰੱਖੀ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਰਕਾਰ ਸਖਤ ਕਾਰਵਾਈ ਕਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਲ 2015 ਵਿੱਚ ਵਾਪਰੇ ਦੁੱਖਦਾਈ ਬੇਅਦਬੀ ਕਾਂਡ ਦੌਰਾਨ ਤਤਕਾਲੀ ਬਾਦਲ ਸਰਕਾਰ ਨੇ ਪੂਰੀ ਨਾ ਸਮਝੀ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ੀਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਦੇ ਕਹਿਣ ’ਤੇ ਹੀ ਅਕਾਲ ਤਖਤ ਦੇ ਜੱਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਅਤੇ ਡੇਰਾ ਮੁਖੀ ਦੀ ਫਿਲਮ ਪੰਜਾਬ ਵਿੱਚ ਚਲਾਉਣ ਲਈ ਹੀ ਅਜਿਹਾ ਵਰਤਾਰਾ ਕੀਤਾ ਗਿਆ ਕਿਉਂਕਿ ਉਸ ਫਿਲਮ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਕਥਿਤ ਹਿੱਸਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਖਤਮ ਹੋਣ ਮਗਰੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਨੂੰ 5 ਲੱਖ ਰੁਪਏ ਅਤੇ ਪਿੰਡ ਪੰਜਗਰਾਈਂ ਖੁਰਦ ਨਾਲ ਸਬੰਧਤ ਤਸ਼ੱਦਦ ਦਾ ਸ਼ਿਕਾਰ 2 ਨੌਜਵਾਨਾਂ ਨੂੰ 15 ਲੱਖ ਰੁਪਏ ਅਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਇਸ ਦੌਰਾਨ ਫਰੀਦਕੋਟ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਲ 2015 ਵਿੱਚ ਵਾਪਰੇ ਦੁੱਖਦਾਈ ਬੇਅਦਬੀ ਕਾਂਡ ਸਮੇਂ ਉਸ ਸਮੇਂ ਦੀ ਬਾਦਲ ਸਰਕਾਰ ਨੇ ਜਿੰਮੇਵਾਰੀ ਨਾਲ ਆਪਣਾ ਫਰਜ਼ ਨਹੀਂ ਨਿਭਾਇਆ ਅਤੇ ਦੋਸ਼ੀਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਵੀ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕਾਇਮ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਾਫ ਲਿਖਿਆ ਹੈ ਕਿ ਉਸ ਸਮੇਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਡੀ.ਜੀ.ਪੀ. ਸਮੇਤ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਸੀ ਅਤੇ ਪੁਲੀਸ ਨੇ ਹਾਕਮ ਧਿਰ ਦੇ ਕਹਿਣ ਤੇ ਹੀ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ।