ਮੁੰਬਈ, 30 ਅਕਤੂਬਰ
ਫ਼ਿਲਮ ਸਰਟੀਫਿਕੇਸ਼ਨ ਬਾਰੇ ਕੇਂਦਰੀ ਬੋਰਡ (ਸੀਬੀਐੱਫਸੀ) ਦੇ ਸੁਝਾਅ ਮਗਰੋਂ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਲਕਸ਼ਮੀ ਬੰਬ’ ਦਾ ਨਾਮ ਬਦਲ ਕੇ ‘ਲਕਸ਼ਮੀ’ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅਕਸ਼ੈ ਤੇ ਫ਼ਿਲਮ ਦੇ ਸਹਿ-ਨਿਰਮਾਤਾਵਾਂ ਸ਼ਬੀਨਾ ਖ਼ਾਨ ਤੇ ਤੁਸ਼ਾਰ ਕਪੂਰ ਨੇ ਮਿਲ ਕੇ ਲਿਆ ਹੈ। ਵਪਾਰ ਸਮੀਖਿਅਕ ਤਰਨ ਆਦਰਸ਼ ਨੇ ਇਕ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਫ਼ਿਲਮ 9 ਨਵੰਬਰ ਨੂੰ ਓਟੀਟੀ ਪਲੈਟਫਾਰਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਫਿਲਮ ਨੂੰ ਰਾਘਵ ਲੌਰੈਂਸ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਸੈਂਸਰ ਬੋਰਡ ਕੋਲ ਸਰਟੀਫਿਕੇਸ਼ਨ ਲਈ ਭੇਜਿਆ ਗਿਆ ਸੀ ਤੇ ਸੀਬੀਐੱਫਸੀ ਮੈਂਬਰਾਂ ਲਈ ਫ਼ਿਲਮ ਦੀ ਸਕਰੀਨਿੰਗ ਮਗਰੋਂ ਉਪਰੋਕਤ ਫੈਸਲੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਫਿਲਮ ਦੇ ਨਿਰਮਾਤਾਵਾਂ ਨੂੰ ਰਾਜਸਥਾਨ ਆਧਾਰਿਤ ਜਥੇਬੰਦੀ ਸ੍ਰੀ ਰਾਜਪੂਤ ਕਰਨੀ ਸੇਨਾ ਨੇ ਕਾਨੂੰਨੀ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ‘ਲਕਸ਼ਮੀ ਬੰਬ’ ਨਾਮ ਨਾਲ ਦੇਵੀ ਲਕਸ਼ਮੀ ਨੂੰ ਗਲ਼ਤ ਅਰਥਾਂ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਨਾਲ ਭਾਵਨਾਵਾਂ ਨੂੰ ਵੀ ਸੱਟ ਵਜਦੀ ਹੈ। ਹੌਰਰ ਕਾਮੇਡੀ ਫਿਲਮ ਵਿੱਚ ਅਕਸ਼ੈ ਦੇ ਆਪੋਜ਼ਿਟ ਕਿਆਰਾ ਅਡਵਾਨੀ ਨਜ਼ਰ ਆੲੇਗੀ। ‘ਲਕਸ਼ਮੀ’ ਤਾਮਿਲ ਫ਼ਿਲਮ ‘ਮੁੰਨੀ 2: ਕੰਚਨਾ’ ਦਾ ਰੀਮੇਕ ਹੈ।