ਓਟਵਾ, 29 ਸਤੰਬਰ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਅਕਤੂਬਰ ਵਿੱਚ ਕਰਨਗੇ ਉਨ੍ਹਾਂ ਆਖਿਆ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਉਹ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਕਰਵਾਉਣਗੇ। ਇਸ ਤੋਂ ਇਲਾਵਾ ਟਰੂਡੋ ਨੇ ਜਲਦ ਤੋਂ ਜਲਦ ਫੈਡਰਲ ਵੈਕਸੀਨ ਟੀਚਾ ਪੂਰਾ ਕਰਨ ਦਾ ਵਾਅਦਾ ਵੀ ਕੀਤਾ।
20 ਸਤੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਆਪਣੀ ਪਹਿਲੀ ਮੁੱਖ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਕੈਨੇਡੀਅਨਜ਼ ਨੇ ਇੱਕ ਵਾਰੀ ਫਿਰ ਲਿਬਰਲਾਂ ਵਿੱਚ ਭਰੋਸਾ ਪ੍ਰਗਟਾਇਆ ਹੈ ਜਿਸ ਦਾ ਉਹ ਸ਼ੁਕਰੀਆ ਅਦਾ ਕਰਦੇ ਹਨ। ਮੰਗਲਵਾਰ ਨੂੰ ਟਰੂਡੋ ਨੇ ਗਵਰਨਰ ਜਨਰਲ ਮੈਰੀ ਮੇਅ ਸਾਇਮਨ ਕੋਲ ਅਗਲੀ ਸਰਕਾਰ ਬਣਾਉਣ ਦਾ ਇਰਾਦਾ ਪ੍ਰਗਟਾਉਣ ਦੀ ਪੁਸ਼ਟੀ ਵੀ ਕੀਤੀ।
ਟਰੂਡੋ ਨੇ ਕ੍ਰਿਸਟੀਆ ਫਰੀਲੈਂਡ ਨੂੰ ਇੱਕ ਵਾਰੀ ਫਿਰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਵਜੋਂ ਕੰਮਕਾਜ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਬਾਕੀ ਮੰਤਰੀਆਂ ਦੇ ਰੋਸਟਰ ਨੂੰ ਸਾਹਮਣੇ ਲਿਆਉਣਗੇ। ਉਨ੍ਹਾਂ ਇਹ ਵੀ ਆਖਿਆ ਕਿ ਚੋਣਾਂ ਤੋਂ ਬਾਅਦ ਵੀ ਉਹ ਪਾਰਲੀਆਮੈਂਟ ਵਿੱਚ ਲਿੰਗਕ ਸੰਤੁਲਨ ਜਾਰੀ ਰੱਖਣਗੇ।
ਉਨ੍ਹਾਂ ਆਖਿਆ ਕਿ ਵਿਦੇਸ਼ ਦਾ ਦੌਰਾ ਕਰਨ ਦੇ ਚਾਹਵਾਨ ਪੂਰੀ ਤਰ੍ਹਾਂ ਵੈਕਸੀਨੇਟਿਡ ਕੈਨੇਡੀਅਨਜ਼ ਨੂੰ ਇੰਟਰਨੈਸ਼ਨਲ ਵੈਕਸੀਨ ਪਾਸਪੋਰਟ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੈਲਥ ਕੇਅਰ ਵਰਕਰਜ਼ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਉੱਤੇ ਮੁਜਰਮਾਨਾਂ ਪਾਬੰਦੀਆਂ ਲਾਏ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।