ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਿਸੇ ਬਾਹਰਲੇ ਉਮੀਦਵਾਰ ਨੂੰ ਥੋਪਣ ਦੀ ਥਾਂ ਸਥਾਨਕ ਆਗੂ ਨੂੰ ਹੀ ਟਿਕਟ ਦਿੱਤੀ ਜਾਵੇਗੀ। ਪਾਰਟੀ ਲੀਡਰਸ਼ਿਪ ਸਿਧਾਂਤਕ ਤੌਰ ’ਤੇ ਇਸ ਸਬੰਧੀ ਫੈਸਲਾ ਕਰ ਚੁੱਕੀ ਹੈ ਅਤੇ ਭਲਕੇ 14 ਸਤੰਬਰ ਨੂੰ ਉਮੀਦਵਾਰ ਦੀ ਚੋਣ ਕਰਨ ਲਈ ਹੰਗਾਮੀ ਮੀਟਿੰਗ ਵੀ ਸੱਦ ਲਈ ਹੈ। ਮੀਟਿੰਗ ਵਿੱਚ ਰਾਜ ਦੀ ਸਮੁੱਚੀ ਲੀਡਰਸ਼ਿਪ ਸਮੇਤ ਗੁਰਦਾਸਪੁਰ ਸੰਸਦੀ ਹਲਕੇ ਦੀ ਲੀਡਰਸ਼ਿਪ ਨੂੰ ਵੀ ਸੱਦਿਆ ਗਿਆ ਹੈ। ਸਥਾਨਕ ਲੀਡਰਸ਼ਿਪ ਕੋਲੋਂ ਉਮੀਦਵਾਰ ਦੀ ਚੋਣ ਬਾਰੇ ਸੁਝਾਅ ਲੈਣ ਮਗਰੋਂ ਸੂਬਾਈ ਲੀਡਰਸ਼ਿਪ ਉਮੀਦਵਾਰਾਂ ਦੀ ਸੂਚੀ ਬਣਾਏਗੀ। ਉਪਰੰਤ ਸੂਬਾ ਲੀਡਰਸ਼ਿਪ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕੌਮੀ ਕਮੇਟੀ ਕੋਲੋਂ ਉਮੀਦਵਾਰ ਉਪਰ ਅੰਤਿਮ ਮੋਹਰ ਲਵਾਏਗੀ। ਸੂਤਰਾਂ ਮੁਤਾਬਕ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ, ਪਰ ਵਿਧਾਨ ਸਭਾ ਚੋਣਾਂ ਦੇ ਉਲਟ ਹੁਣ ਉਮੀਦਵਾਰ ਦਾ ਫੈਸਲਾ ਹਾਈਕਮਾਂਡ ਦੇ ਲਿਫਾਫੇ ਵਿੱਚੋਂ ਨਹੀਂ ਬਲਕਿ ਸੂਬਾ ਲੀਡਰਸ਼ਿਪ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ।
ਉਧਰ ਸੰਸਦ ਮੈਂਬਰ ਤੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਕਿਸੇ ਸਥਾਨਕ ਆਗੂ ਨੂੰ ਹੀ ਬਣਾਇਆ ਜਾਵੇਗਾ ਅਤੇ 14 ਸਤੰਬਰ ਨੂੰ ਇਸ ਬਾਬਤ ਸੱਦੀ ਮੀਟਿੰਗ ਵਿੱਚ ਸਥਾਨਕ ਲੀਡਰਸ਼ਿਪ ਦੀ ਰਾਇ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਪਾਰਟੀ ਇਕਜੁੱਟ ਹੋ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਾਲੇ ਧਨ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕਿਸਾਨੀ ਕਰਜ਼ੇ ਤੇ ਘਰ-ਘਰ ਨੌਕਰੀਆਂ ਦੇਣ ਦੇ ਫੋਕੇ ਵਾਅਦਿਆਂ ਨੂੰ ਮੁੱਦੇ ਬਣਾ ਕੇ ਘੇਰੇਗੀ।