ਚੰਡੀਗੜ੍ਹ, 7 ਫਰਵਰੀ
‘ਆਪ’ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲੋਂ ਮੰਗ ਕੀਤੀ ਹੈ ਕਿ ਗ਼ੈਰਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਦੇ ਮੁੱਦਿਆਂ ਦੀ ਜਾਂਚ ਲਈ ਸਰਬ ਪਾਰਟੀ ਵਿਧਾਨ ਸਭਾ ਕਮੇਟੀ ਬਣਾਈ ਜਾਵੇ।
ਉਨ੍ਹਾਂ ਵਫ਼ਦ ਸਮੇਤ ਸਪੀਕਰ ਨੂੰ ਮਿਲ ਕੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੇ ਕਈ ਸਾਲਾਂ ਤੋਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਗਰਮਾਇਆ ਹੈ। ਦਸ ਸਾਲਾਂ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਰਾਜ ਦੌਰਾਨ ਕਥਿਤ ਤੌਰ ’ਤੇ ਮਾਫ਼ੀਆ-ਸਿਆਸਤਦਾਨਾਂ ਦੀ ਜੁੰਡਲੀ ਵੱਲੋਂ ਵੱਡੇ ਪੱਧਰ ਉੱਪਰ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਦਾ ਖਾਤਮਾ ਕਰਨ ਦਾ ਕਾਂਗਰਸ ਨੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਦੀ ਸ਼ਹਿ ਪ੍ਰਾਪਤ ਮਾਈਨਿੰਗ ਮਾਫ਼ੀਆ ਨੇ ਮੁੜ ਸਿਰ ਚੁੱਕ ਲਿਆ ਹੈ। ਗੈਰਕਾਨੂੰਨੀ ਰੇਤ ਖੁਦਾਈ ਕੀਤੇ ਜਾਣ ਦੀਆਂ ਰਿਪੋਰਟਾਂ ਸੂਬੇ ਭਰ ਵਿੱਚੋਂ ਮਿਲ ਰਹੀਆਂ ਹਨ, ਜਿਸ ਵਿੱਚ ਮੁੱਲਾਂਪੁਰ ਨਜ਼ਦੀਕ ਖਿਜਰਾਬਾਦ, ਸਮਰਾਲਾ, ਰੋਪੜ, ਰਾਹੋਂ, ਫਰੀਦਕੋਟ, ਫ਼ਿਰੋਜ਼ਪੁਰ, ਹਰੀਕੇ, ਤਰਨ ਤਾਰਨ, ਸ਼ਾਹਕੋਟ ਅਤੇ ਪਠਾਨਕੋਟ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਗੈਰਕਾਨੂੰਨੀ ਖੁਦਾਈ ਵਾਲੀਆਂ ਖੱਡਾਂ ਦੀ ਜਾਂਚ ਲਈ ਸਰਬ ਪਾਰਟੀ ਵਿਧਾਨ ਸਭਾ ਕਮੇਟੀ ਬਣਾਈ ਜਾਵੇ।