ਫ਼ਤਹਿਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇੱਥੇ ਕਿਹਾ ਕਿ ਖ਼ਾਲਸਾ ਪੰਥ ਨੇ ਦੁਨੀਆਂ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ ਚੈਰੀਟੇਬਲ ਕਾਰਜਾਂ ਵਿੱਚ ਸਾਰੀਆਂ ਕੌਮਾਂ ਨਾਲੋਂ ਕਿਤੇ ਵੱਧ ਗੌਰਵਮਈ ਰੋਲ ਅਦਾ ਕੀਤਾ ਹੈ। ਦੁਨੀਆਂ ਭਰ ਵਿੱਚ ਹਰ ਤਰ੍ਹਾਂ ਦੇ ਸੰਕਟ ਸਮੇਂ ਸਿੱਖਾਂ ਦਾ ਵਿਅਕਤੀਗਤ ਰੂਪ ਵਿੱਚ ਅਤੇ ਜਥੇਬੰਧਕ ਰੂਪ ਵਿੱਚ ਗੌਰਵਮਈ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਣਮੱਤੀ ਜਥੇਬੰਦੀ ਖ਼ਾਲਸਾ ਏਡ ਦੇ ਮੈਂਬਰ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਕੇ ਬਰਮਾ ਅਤੇ ਮਿਆਂਮਾਰ ਵਿੱਚੋਂ ਕੱਢੇ ਗਏ ਰੋਹਿੰਗਿਆ ਮੁਸਲਮਾਨਾਂ ਦੇ ਭੁੱਖੇ ਤਿਹਾਏ ਲੋਕਾਂ ਦੀ ਮਦਦ ਕਰ ਰਹੇ ਹਨ। ਜਥੇਬੰਦੀ ਵੱਲੋਂ ਭੁੱਖੇ ਤਿਹਾਏ ਲੋਕਾਂ ਲਈ ਜਿੱਥੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੋਰ ਲੋੜੀਂਦੀਆਂ ਵਸਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਾਰਤ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਖ਼ਾਲਸਾ ਏਡ ਜਥੇਬੰਦੀ ਨੂੰ ਢੁੱਕਵਾਂ ਸਨਮਾਨ ਦਿੱਤਾ ਜਾਵੇ।ਸ੍ਰੀ ਪੰਜੋਲੀ ਨੇ ਕਿਹਾ ਕਿ ਲੋਕ ਖ਼ਾਲਸਾ ਏਡ ਜਥੇਬੰਦੀ ਵੱਲੋਂ ਬੇਗੁਨਾਹ ਅਤੇ ਮੁਸੀਬਤ ਵਿੱਚ ਪਏ ਲੋਕਾਂ ਦੀ ਮਦਦ ਕਰਨ ਨੂੰ ਅਤਿਵਾਦੀਆਂ ਦੀ ਮਦਦ ਕਰਨਾ ਦੱਸ ਰਹੇ ਹਨ, ਜਿਸ ਦੀ ਦੁਨੀਆਂ ਭਰ ਦੇ ਲੋਕਾਂ ਨੂੰ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਭੇਜ ਕੇ ਖ਼ਾਲਸਾ ਏਡ ਜਥੇਬੰਦੀ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਮੁਹੱਈਆ ਕੀਤੀ ਜਾਵੇ।