ਫ਼ਤਹਿਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਹੋਲਾ ਮਹੱਲਾ ਸਿਰਫ਼ ਇਕ ਤਿਓਹਾਰ ਨਾ ਹੋ ਕੇ, ਸਿੱਖ ਇਨਕਲਾਬ ਦੀ ਮਹੱਤਵਪੂਰਨ ਕੜੀ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਸੰਨ 1700 ਵਿੱਚ ਮਹੱਲਾ ਸਜਾਉਣ ਦੀ ਰਵਾਇਤ ਆਰੰਭ ਕੀਤੀ ਸੀ ਜੋ ਇਕ ਵਿਲੱਖਣ ਆਗਾਜ਼ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਸਿੱਖ ਇਤਿਹਾਸ, ਗੁਰਬਾਣੀ ਵਿਚਾਰਾਂ, ਰਾਗੀ ਢਾਡੀ ਸਿੰਘਾਂ ਵਲੋਂ ਸਜਾਏ ਜਾਣ ਵਾਲੇ ਦੀਵਾਨਾਂ ਦੌਰਾਨ ਵਾਰਾਂ ਨਾਲ ਇਤਿਹਾਸ ਸੰਗਤ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।