ਹੈਮਿਲਟਨ—ਹੈਮਿਲਟਨ ਦੇ ਦੋ ਹਾਈ ਸਕੂਲਾਂ ‘ਚ ਬੰਬ ਰੱਖੇ ਹੋਣ ਦੀ ਧਮਕੀ ਪਿੱਛੋਂ ਇਮਾਰਤਾਂ ਖਾਲੀ ਕਰਵਾਈਆਂ ਗਈਆਂ ਪਰ ਛਾਣਬੀਣ ਦੌਰਾਨ ਕੁਝ ਵੀ ਨਾ ਮਿਲਿਆ। ਪੁਲਸ ਨੂੰ ਪਹਿਲੀ ਕਾਲ ਸੇਂਟ ਮੈਰੀ ਕੈਥੋਲਿਕ ਸੈਕੰਡਰੀ ਸਕੂਲ ਤੋਂ ਸੋਮਵਾਰ ਸਵੇਰੇ 10 ਵਜੇ ਦੇ ਨੇੜੇ ਆਈ ਅਤੇ ਅਧਿਕਾਰੀਆਂ ਨੇ ਸਾਰਾ ਮਾਮਲਾ ਨਿਪਟਾਇਆ ਹੀ ਸੀ ਕਿ ਬਾਅਦ ਦੁਪਹਿਰ ਇਕ ਵਜੇ ਐਨਕਾਸਟਰ ਹਾਈ ਸਕੂਲ ਤੋਂ ਫੋਨ ਆ ਗਿਆ। ਪੁਲਸ ਨੇ ਇਥੇ ਵੀ ਇਕ ਘੰਟੇ ਦੀ ਜਾਂਚ ਮਗਰੋਂ ਸਕੂਲ ਨੂੰ ਸੁਰੱਖਿਅਤ ਐਲਾਨ ਦਿੱਤਾ। ਕਾਂਸਟੇਬਲ ਜਿਰੋਮ ਸਟੀਵਰਟ ਨੇ ਕਿਹਾ ਕਿ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੋਵੇਂ ਮਾਮਲੇ ਇਕ-ਦੂਜੇ ਨਾਲ ਸਬੰਧਤ ਸਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸਕੂਲਾਂ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ‘ਚ ਪੁਲਸ ਬਹੁਤ ਮੁਸ਼ੱਕਤ ਕਰਨੀ ਪਈ ਪਰ ਇਹ ਗੱਲ ਜ਼ਿਆਦਾ ਮਹੱਤਵਪੂਰਨ ਹੈ ਕਿ ਧਮਕੀਆਂ ਨੂੰ ਹਮੇਸ਼ਾ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਪੁਲਸ ਹਾਲੇ ਵੀ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਕਿਉਂਕਿ ਇਹ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ। ਸੇਂਟ ਮੈਰੀ ਸਕੂਲ ਦੀ ਵੈੱਬਸਾਈਟ ਰਾਹੀਂ ਜਾਰੀ ਸੁਨੇਹੇ ‘ਚ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਨੇੜਲੇ ਕੈਨੇਡੀਅਨ ਮਾਰਟੀਅਰਜ਼ ਕੈਥੋਲਿਕ ਐਲੀਮੈਂਟਰੀ ਸਕੂਲ ਤੋਂ ਲਿਜਾਇਆ ਜਾਵੇ। ਦੂਜੇ ਪਾਸੇ ਐਨਕਾਸਟਰ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਵਿਲੇ ਰੋਡ ਵੈਸਟ ‘ਤੇ ਸਥਿਤ ਮੌਰਗਨ ਫਾਇਰਸਟੋਨ ਐਰੇਨਾ ਅਤੇ ਐਨਕਾਸਟਰ ਕਮਿਊਨਿਟੀ ਸੈਂਟਰ ਵਿਖੇ ਪਹੁੰਚਾਇਆ ਗਿਆ। ਸਕੂਲ ਦੀ ਵੈੱਬਸਾਈਟ ‘ਤੇ ਜਾਰੀ ਸੁਨੇਹੇ ‘ਚ ਕਿਹਾ ਗਿਆ ਕਿ ਬੰਬ ਦੀ ਧਮਕੀ ਪਿੱਛੋਂ ਅਹਿਤਿਆਤ ਵਜੋਂ ਸਕੂਲ ਨੂੰ ਖਾਲੀ ਕਰਵਾਉਣਾ ਪਿਆ।