ਲੁਧਿਆਣਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸਾਰਾ ਮਾਮਲਾ ਬਿਲਕੁਲ ‘ਕਲੀਨ’ ਹੈ, ਇਸ ਲਈ ਹੁਣ ਲੁਧਿਆਣਾ ਵਿੱਚ ਸਿਟੀ ਸੈਂਟਰ ਜ਼ਰੂਰ ਬਣੇਗਾ। ਸ੍ਰੀ ਸਿੱਧੂ ਇੱਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਸਿਟੀ ਸੈਂਟਰ ਹੁਣ ਜ਼ਰੂਰ ਬਣੇਗਾ, ਕਿਉਂਕਿ ਹੁਣ ਸਾਰਾ ਕੁਝ ਸਾਫ਼ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 2003 ’ਚ ਉਸ ਵੇਲੇ ਏਸ਼ੀਆ ਦੇ ਚੌਥੇ ਵੱਡੇ ਪ੍ਰਾਜੈਕਟ ਵਜੋਂ ਸਿਟੀ ਸੈਂਟਰ ਲੁਧਿਆਣਾ ਦਾ ‘ਡਰੀਮ ਪ੍ਰਾਜੈਕਟ’ ਲਾਂਚ ਕੀਤਾ ਸੀ, ਜਿਸ ਦੀ ਲਾਗਤ 1144 ਕਰੋੜ ਰੁਪਏ ਦੱਸੀ ਗਈ ਸੀ। 2006 ਵਿੱਚ ਇਸ ਮਾਮਲੇ ਵਿੱਚ 100 ਕਰੋੜ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਲੱਗੇ, ਜਿਸ ਤੋਂ ਬਾਅਦ 2007 ਵਿੱਚ ਸੱਤਾ ਬਦਲ ਗਈ ਤੇ ਅਕਾਲੀ-ਭਾਜਪਾ ਸਰਕਾਰ ਬਣਦੇ ਸਾਰ ਹੀ 23 ਮਾਰਚ 2007 ਵਿੱਚ ਕੈਪਟਨ ਅਮਰਿੰਦਰ ਸਿੰਘ, ਤਤਕਾਲੀ ਸਥਾਨਕ ਮੰਤਰੀ ਚੌਧਰੀ ਜਗਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਸੀਬੀਆ ਸਮੇਤ ਟਰੱਸਟ ਤੇ ਸਬੰਧਤ ਨਿਰਮਾਣ ਕੰਪਨੀ ਟੂਡੇ ਹੋਮ ਦੇ ਉਚ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਦਸ ਸਾਲਾਂ ਤੱਕ ਲਗਾਤਾਰ ਚੱਲੇ ਅਦਾਲਤੀ ਕੇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਵਿੱਚ ਆਉਂਦੇ ਹੀ ਕੇਸ ਦਰਜ ਕਰਨ ਵਾਲੀ ਵਿਜੀਲੈਂਸ ਨੇ ਖ਼ੁਦ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੁਰਮ ਸਾਬਿਤ ਨਹੀਂ ਹੁੰਦੇ ਹਨ ਤੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਹੁਣ ਇਸ ਮਾਮਲੇ ਦੀ ਸੁਣਵਾਈ 2 ਸਤੰਬਰ ਨੂੰ ਹੈ।