ਚੰਡੀਗੜ੍ਹ, 6 ਜੂਨ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਫ਼ੈਸਲਾ ਕਰ ਚੁੱਕੀ ਹੈ ਕਿ ਸਾਰੀਆਂ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ ਦੀ ਲੰਗਰ ਦੀ ਰਸਦ ’ਤੇ ਜੀਐੱਸਟੀ ਨਹੀਂ ਲਾਇਆ ਜਾਵੇਗਾ ਤਾਂ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਸੰਸਥਾਵਾਂ ਨੂੰ ਸੂਬਾਈ ਜੀਐੱਸਟੀ ਤੋਂ ਛੋਟ ਦੇਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਉਹ ਦਰਬਾਰ ਸਾਹਿਬ ਲਈ ਖ਼ਰੀਦੀ ਜਾਂਦੀ ਰਸਦ ਨੂੰ ਸੂਬਾਈ ਜੀਐੱਸਟੀ ਤੋਂ ਛੋਟ ਦੇਵੇਗੀ, ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਨੂੰ ਤੁਰੰਤ ਸਾਰੀਆਂ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ  ਵੱਲੋਂ ਖ਼ਰੀਦੀ ਜਾਂਦੀ ਲੰਗਰ ਰਸਦ ਨੂੰ ਸੂਬਾਈ ਜੀਐੱਸਟੀ ਤੋਂ ਛੋਟ ਦੇਣੀ ਚਾਹੀਦੀ ਹੈ।