ਬਠਿੰਡਾ,
ਭਾਜਪਾ ਪੰਜਾਬ ਹੁਣ ਕੌਮੀ ਮਾਰਗ ਬਠਿੰਡਾ-ਅੰਮ੍ਰਿਤਸਰ ਦੇ ਸਾਈਨ ਬੋਰਡਾਂ ਤੋਂ ਹਿੰਦੀ ਭਾਸ਼ਾ ਨੂੰ ਹਟਾਉਣ ਤੋਂ ਭੜਕ ਉੱਠੀ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਮਾਮਲਾ ਕੇਂਦਰੀ ਮੰਤਰਾਲੇ ਕੋਲ ਉਠਾਉਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਕੌਮੀ ਮਾਰਗ ਦੇ ਸਾਈਨ ਬੋਰਡ ਹੁਣ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ’ਚ ਲਿਖਣ ਦੀ ਹਦਾਇਤ ਕੀਤੀ ਹੈ ਜਦਕਿ ਹਿੰਦੀ ਭਾਸ਼ਾ ਨੂੰ ਬੋਰਡਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੋਰਡਾਂ ਤੋਂ ਪੰਜਾਬੀ ਨੂੰ ਤੀਜੇ ਨੰਬਰ ’ਤੇ ਰੱਖਣ ਤੋਂ ਵਿਵਾਦ ਹੋਇਆ ਸੀ ਤੇ ਹੁਣ ਹਿੰਦੀ ਭਾਸ਼ਾ ਨੂੰ ਗਾਇਬ ਕਰਨ ਦਾ ਮਸਲਾ ਉਠਿਆ ਹੈ। ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਉਪਰ ਥਾਂ ਮਿਲਣੀ ਚਾਹੀਦੀ ਹੈ ਅਤੇ ਪੰਜਾਬੀ ਨੂੰ ਪੂਰਾ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ, ਪਰ ਕੌਮੀ ਭਾਸ਼ਾ ਹਿੰਦੀ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਫਸਰਾਂ ਨੂੰ ਅਜਿਹੇ ਮਾਮਲੇ ’ਤੇ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਦਾ ਸਤਿਕਾਰ ਹੋਵੇ ਪਰ ਕੌਮੀ ਭਾਸ਼ਾ ਦੀ ਅਣਦੇਖੀ ਕਰਕੇ ਅੰਗਰੇਜ਼ੀ ਨੂੰ ਉੱਪਰ ਰੱਖਣਾ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਸੜਕ ਮੰਤਰਾਲੇ ਕੋਲ ਉਠਾਉਣਗੇ।
ਇਸ ਬਾਰੇ ਭਾਜਪਾ ਦੇ ਕਾਰਜਕਾਰਨੀ ਮੈਂਬਰ ਦਿਆਲ ਸੋਢੀ ਨੇ ਕਿਹਾ ਕਿ ਮਾਂ ਬੋਲੀ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਹਿੰਦੀ ਦੇਸ਼ ਦੀ ਕੌਮੀ ਭਾਸ਼ਾ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਨੂੰ ਦਰੁਸਤ ਕਰੇ। ਦੂਜੇ ਪਾਸੇ ਪੰਜਾਬੀ ਭਾਸ਼ਾ ਪ੍ਰੇਮੀ ਆਖਦੇ ਹਨ ਕਿ ਉਨ੍ਹਾਂ ਨੂੰ ਹਿੰਦੀ ਭਾਸ਼ਾ ਨਾਲ ਕੋਈ ਗਿਲਾ ਨਹੀਂ ਹੈ
ਅਤੇ ਬੋਰਡ ਤਿੰਨੋਂ ਭਾਸ਼ਾਵਾਂ ਵਿੱਚ ਲਿਖੇ ਜਾਣੇ ਚਾਹੀਦੇ ਹਨ। ਭਾਜਪਾ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਸਾਈਨ ਬੋਰਡਾਂ ਤੋਂ ਰਾਸ਼ਟਰੀ ਭਾਸ਼ਾ ਨੂੰ ਬੇਦਖ਼ਲ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਅਗਾਮੀ ਵਿਧਾਨ ਸਭਾ ਸੈਸ਼ਨ ਵਿਚ ਉਹ ਇਸ ਮਾਮਲੇ ਨੂੰ ਉਠਾਉਣਗੇ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਬਹੁਗਿਣਤੀ ਕੌਮੀ ਮਾਰਗਾਂ ’ਤੇ ਜੋ ਸਾਈਨ ਬੋਰਡ ਲੱਗੇ ਹੋਏ ਹਨ, ਉਨ੍ਹਾਂ ਵਿੱਚ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਹੀ ਹੈ ਜਦਕਿ ਹਿੰਦੀ ਭਾਸ਼ਾ ਕਿਧਰੇ ਵੀ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਸਾਰੇ ਸਾਈਨ ਬੋਰਡਾਂ ’ਤੇ ਇਸੇ ਤਰ੍ਹਾਂ ਹੀ ਹੈ ਤਾਂ ਹੁਣ ਭਾਸ਼ਾ ਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਅਜਿਹੀ ਹਾਲਤ ਵਿੱਚ ਲੋਕ ਨਿਰਮਾਣ ਵਿਭਾਗ ਨੂੰ ਮੁੜ ਸਾਈਨ ਬੋਰਡ ਤਬਦੀਲ ਕਰਨੇ ਪੈ ਸਕਦੇ ਹਨ।