ਸ਼ਿਲਾਂਗ, 6 ਜੂਨ
ਮੇਘਾਲਿਆ ਦੀ ਰਾਜਧਾਨੀ ਵਿੱਚ ਜ਼ਿੰਦਗੀ ਹੌਲੀ-ਹੌਲੀ ਮੁੜ ਲੀਹ ’ਤੇ ਆ ਰਹੀ ਹੈ ਤੇ ਸ਼ਹਿਰ ਦੇ ਕਿਸੇ ਵੀ ਹਿੱਸੇ ਤੋਂ ਅੱਜ ਹਿੰਸਾ ਦੀ ਕੋਈ ਰਿਪੋਰਟ ਨਹੀਂ ਮਿਲੀ। ਹਾਲਾਂਕਿ ਅਧਿਕਾਰੀਆਂ ਨੇ ਮੰਗਲਵਾਰ ਸ਼ਾਮੀਂ ਇਹਤਿਆਤ ਵਜੋਂ ਕਰਫਿਊ ਦੁਬਾਰਾ ਲਾਗੂ ਕਰ ਦਿੱਤਾ ਹੈ। ਪੂਰਬੀ ਖਾਸੀ ਹਿੱਲਜ਼ ਦੇ ਡਿਪਟੀ ਕਮਿਸ਼ਨਰ ਪੀ ਐਸ ਦਖਰ ਨੇ ਦੱਸਿਆ ਕਿ ਲੁਮਡੀਨਜਰੀ ਪੁਲੀਸ ਸਟੇਸ਼ਨ ਹੇਠਲੇ ਸ਼ਹਿਰ ਦੇ 14 ਇਲਾਕੇ ਤੇ ਕੰਟੋਨਮੈਂਟ ਬੀਟ ਹਾਊਸ 1 ਜੂਨ ਤੋਂ ਲਗਾਤਾਰ ਕਰਫਿਊ ਹੇਠ ਚੱਲ ਰਹੇ ਹਨ ਪਰ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਕਰੀਬ 11 ਘੰਟਿਆਂ ਦੀ ਢਿੱਲ ਤੋਂ ਬਾਅਦ ਮੰਗਲਵਾਰ ਸ਼ਾਮੀਂ 4 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ ਜਿਵੇਂ ਕਿ ਕੱਲ੍ਹ ਵੀ ਕੀਤਾ ਗਿਆ ਸੀ। ਨੀਮ ਫ਼ੌਜੀ ਦਸਤਿਆਂ ਵੱਲੋਂ ਸ਼ਹਿਰ ਵਿੱਚ ਗ਼ਸ਼ਤ ਕੀਤੀ ਜਾ ਰਹੀ ਤੇ ਫ਼ੌਜ ਜਿਸ ਨੇ ਲੰਘੀ ਰਾਤ ਤੀਜੀ ਵਾਰ ਫਲੈਗ ਮਾਰਚ ਕੀਤਾ ਸੀ, ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ ਹੈ।
ਜ਼ਿਲੇ ਦੇ ਇਕ ਪ੍ਰਮੁੱਖ ਅਧਿਕਾਰੀ ਨੇ ਦੱਸਿਆ ‘‘ ਪੁਲੀਸ ਬਾਜ਼ਾਰ ਦੀਆਂ 90 ਫ਼ੀਸਦ ਦੁਕਾਨਾਂ ਤੇ ਬੜਾ ਬਾਜ਼ਾਰ ਦੇ ਕੁਝ ਹਿੱਸੇ ਅੱਜ ਸਵੇਰੇ ਖੁੱਲ੍ਹੇ। ਕੁਝ ਲੋਕ ਦੋਵੇਂ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਦੇ ਵੀ ਨਜ਼ਰ ਆਏ। ਟੈਕਸੀਆਂ ਆ ਜਾ ਰਹੀਆਂ ਸਨ ਪਰ ਬੱਸਾਂ ਸੜਕਾਂ ’ਤੇ ਨਹੀਂ ਦਿਸੀਆਂ।’’ ਭਾਜਪਾ ਦੀ ਹਮਾਇਤ ਵਾਲੀ ਮੇਘਾਲਿਆ ਡੈਮੋਕਰੈਟਿਕ ਅਲਾਇੰਸ ਸਰਕਾਰ ਨੇ ਪੰਜਾਬੀਆਂ ਦੀ ਵਸੋਂ ਵਾਲੀ ਸਵੀਪਰ ਕਾਲੋਨੀ ਨੂੰ ਤਬਦੀਲ ਕਰਨ ਦੇ ਮੁੱਦੇ ਦਾ ਸਥਾਈ ਹੱਲ ਲੱਭਣ ਲਈ ਉਪ ਮੁੱਖ ਮੰਤਰੀ ਪ੍ਰੈਸਟੋਨ ਟਿਨਸੌਂਗ ਦੀ ਅਗਵਾਈ ਹੇਠ ਇਕ ਉਚ ਪੱਧਰੀ ਕਮੇਟੀ ਕਾਇਮ ਕੀਤੀ ਹੈ। ਮੁੱਖ ਮੰਤਰੀ ਕੋਨਰੈਡ ਕੇ ਸੰਗਮਾ ਨੇ ਕੱਲ੍ਹ ਰਾਤੀਂ ਕਿਹਾ ਸੀ ਕਿ ਸ਼ਹਿਰੀ ਮਾਮਲਿਆਂ ਦੇ ਵਿਭਾਗ ਨੂੰ ਪੰਜਾਬੀ ਲੇਨ ਖੇਤਰ, ਇਸ ਦੇ ਇਤਿਹਾਸ, ਕਾਨੂੰਨੀ ਪਹਿਲੂਆਂ ਤੇ ਉੱਥੇ ਰਹਿੰਦੇ ਲੋਕਾਂ ਦੇ ਸਰੋਕਾਰਾਂ ਬਾਰੇ ਤਫ਼ਸੀਲੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਪੂਰਬੀ ਖਾਸੀ ਹਿੱਲਜ਼ ਦੇ ਡਿਪਟੀ ਕਮਿਸ਼ਨਰ ਪੀ ਐਸ ਦਖਰ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅਜੇ ਤੱਕ ਸ਼ਿਲਾਂਗ ਵਿੱਚ ਇੰਟਰਨੈੱਟ ਤੇ ਮੈਸੇਜਿੰਗ ਸੇਵਾਵਾਂ ਬਹਾਲ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ‘‘ ਪਿਛਲੇ 12 ਘੰਟਿਆਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲੀ ਪਰ ਸਮੁੱਚੇ ਸ਼ਹਿਰ ਵਿੱਚ ਸ਼ਾਮ 4 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ।’’ ਇਸ ਪਹਾੜੀ ਸ਼ਹਿਰ ਵਿੱਚ ਵੀਰਵਾਰ ਨੂੰ ਪੰਜਾਬੀ ਲੇਨ ਖੇਤਰ ਜੋ ਸਵੀਪਰ ਕਾਲੋਨੀ ਵਜੋਂ ਵੀ ਜਾਣੀ ਜਾਂਦੀ ਹੈ, ਦੇ ਵਸਨੀਕ ਸਿੱਖਾਂ ਤੇ ਸਰਕਾਰੀ ਬੱਸਾਂ ਦੇ ਖਾਸੀ ਭਾਈਚਾਰੇ ਨਾਲ ਸਬੰਧਤ ਡਰਾਈਵਰਾਂ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਕਾਫ਼ੀ ਤਣਾਅ ਵਧ ਗਿਆ ਸੀ। ਝੜਪਾਂ ਵਿੱਚ ਪੁਲੀਸ ਤੇ ਸੀਆਰਪੀਐਫ ਦੇ ਜਵਾਨਾਂ ਸਮੇਤ ਕਰੀਬ ਦਸ ਜਣੇ ਜ਼ਖ਼ਮੀ ਹੋ ਗਏ ਸਨ। ਸਥਿਤੀ ਨਾਲ ਸਿੱਝਣ ਲਈ ਸ਼ਹਿਰ ਵਿੱਚ ਨੀਮ ਫ਼ੌਜੀ ਦਸਤਿਆਂ ਦੀਆਂ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ।