ਭੁਵਨੇਸ਼ਵਰ— ਭਾਰਤ ਨੇ ਆਖਰੀ ਕੁਆਰਟਰ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਜਰਮਨੀ ਨੂੰ ਐਤਵਾਰ ਨੂੰ 2-1 ਨਾਲ ਹਰਾ ਕੇ ਹਾਕੀ ਵਰਲਡ ਲੀਗ ਫਾਈਨਲਸ ਵਿਚ ਆਪਣਾ ਕਾਂਸੀ ਤਮਗਾ ਬਰਕਰਾਰ ਰੱਖਿਆ ਜਦਕਿ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤ ਲਿਆ।
ਵਿਸ਼ਵ ਦੀ ਨੰਬਰ ਇਕ ਟੀਮ ਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਤੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਆਸਟ੍ਰੇਲੀਆ ਨੇ 58ਵੇਂ ਮਿੰਟ ਵਿਚ ਜਾ ਕੇ ਜੇਤੂ ਗੋਲ ਕੀਤਾ। ਆਸਟ੍ਰੇਲੀਆ ਨੇ 17ਵੇਂ ਮਿੰਟ ਵਿਚ ਜੇਰੇਮੀ ਹੇਵਰਡ ਦੇ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ ਪਰ ਅਰਜਨਟੀਨਾ ਨੇ 18ਵੇਂ ਮਿੰਟ ਵਿਚ ਹੀ ਅਗਸਟੀਨ ਬਗੇਲੋ ਦੇ ਮੈਦਾਨੀ ਗੋਲ ਨਾਲ ਬਰਾਬਰੀ ਕਰ ਲਈ। ਬਲੇਕ ਗੋਵਰਸ ਨੇ 58ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਦਾ ਪੂਰਾ ਫਾਇਦਾ ਚੁੱਕਦੇ ਹੋਏ ਆਸਟ੍ਰੇਲੀਆ ਲਈ ਖਿਤਾਬ ਦਿਵਾਉਣ ਵਾਲਾ ਗੋਲ ਕਰ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਹਾਸਲ ਕੀਤਾ। ਇਸ ਸਾਲ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ 2017 ਦੇ ਅੰਤ ਵਿਚ ਇਹ ਇਕ ਵੱਡੀ ਕਾਮਯਾਬੀ ਹੈ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਅਦ ਦੂਜੇ ਕੁਆਰਟਰ ਵਿਚ ਐੱਸ. ਵੀ. ਸੁਨੀਲ ਨੇ 21ਵੇਂ ਮਿੰਟ ਵਿਚ ਰਿਬਾਊਂਡ ‘ਤੇ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ। ਜਰਮਨੀ ਨੇ ਤੀਜੇ ਕੁਆਰਟਰ ਵਿਚ 36ਵੇਂ ਮਿੰਟ ਵਿਚ ਮਾਰਕ ਓਪੇਲ ਦੇ ਮੈਦਾਨੀ ਗੋਲ ਨਾਲ ਬਰਾਬਰੀ ਹਾਸਲ ਕਰ ਲਈ। ਤੀਜੇ ਕੁਆਰਟਰ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਭਾਰਤ ਨੂੰ 53ਵੇਂ ਮਿੰਟ ਵਿਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਤੇ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ ਨੇ 54ਵੇਂ ਮਿੰਟ ਵਿਚ ਚੌਥੇ ਪੈਨਲਟੀ ਕਾਰਨਰ ‘ਤੇ ਭਾਰਤ ਲਈ ਬੜ੍ਹਤ ਦਿਵਾਉਣ ਵਾਲਾ ਗੋਲ ਕੀਤਾ, ਜਿਹੜਾ ਅੰਤ ਵਿਚ ਮੈਚ ਜੇਤੂ ਸਾਬਤ ਹੋਇਆ। ਭਾਰਤ ਨੇ ਆਖਰੀ ਸੱਤ ਮਿੰਟ ਵਿਚ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ ਤੇ ਆਪਣਾ ਕਾਂਸੀ ਤਮਗਾ ਬਰਕਰਾਰ ਰੱਖਿਆ, ਜਿਹੜਾ ਉਸ ਨੇ 2014-15 ਵਿਚ ਰਾਏਪੁਰ ਵਿਚ ਹੋਏ ਹਾਕੀ ਵਰਲਡ ਲੀਗ ਫਾਈਨਲਸ ਵਿਚ ਜਿੱਤਿਆ ਸੀ।
ਭਾਰਤ ਨੇ ਇਸ ਜਿੱਤ ਦੇ ਨਾਲ ਜਰਮਨੀ ਤੋਂ ਗਰੁੱਪ ਗੇੜ ਵਿਚ ਮਿਲੀ 0-2 ਦੀ ਹਾਰ ਦਾ ਬਦਲਾ ਵੀ ਲੈ ਲਿਆ। ਜਰਮਨੀ ਟੀਮ ਇਸ ਮੈਚ ਵਿਚ ਉਤਰਨ ਤੋਂ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਸੀ ਕਿਉਂਕਿ ਉਸ ਦੇ ਸੱਤ ਖਿਡਾਰੀ ਜ਼ਖ਼ਮੀ ਹੋਣ ਕਾਰਨ ਖੇਡਣ ਲਈ ਉਪਲੱਬਧ ਨਹੀਂ ਸਨ। ਜਰਮਨੀ ਨੂੰ ਆਪਣੇ 11 ਖਿਡਾਰੀਆਂ ਨਾਲ ਹੀ ਪੂਰੇ ਮੈਚ ਵਿਚ ਖੇਡਣਾ ਪਿਆ। ਮੈਚ ਦੇ ਪੂਰੇ 60 ਮਿੰਟ ਵਿਚ ਜਰਮਨੀ ਟੀਮ ਆਪਣਾ ਇਕ ਖਿਡਾਰੀ ਵੀ ਬਦਲ ਨਹੀਂ ਸਕੀ। ਇਸ ਦੇ ਬਾਵਜੂਦ ਉਸ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।