ਭੁਵਨੇਸ਼ਵਰ, 29 ਨਵੰਬਰ
ਡਰੈਗ ਫਲਿੱਕਰ ਰੁਪਿੰਦਰ ਪਾਲ ਦੇ ਸ਼ਾਨਦਾਰ ਗੋਲਾਂ ਦੀ ਬਦੌਲਤ ਮੇਜ਼ਬਾਨ ਭਾਰਤ ਨੇ ਓਲੰਪਿਕ ਚੈਂਪੀਅਨ ਤੇ ਮੌਜੂਦਾ ਨੰਬਰ ਇੱਕ ਰੈਂਕ ਟੀਮ ਅਰਜਨਟੀਨਾ ਨੂੰ ਪੁਰਸ਼ ਹਾਕੀ ਵਿਸ਼ਵ ਲੀਗ ਫਾਈਨਲਜ਼ ਦੇ ਆਪਣੇ ਪਹਿਲੇ ਅਭਿਆਸ ਮੈਚ ’ਚ 2-0 ਨਾਲ ਹਰਾ ਦਿੱਤਾ। ਇੱਥੇ ਸੋਮਵਾਰ ਸ਼ਾਮ ਖੇਡੇ ਗਏ ਇਸ ਮੁਕਾਬਲੇ ’ਚ ਰੁਪਿੰਦਰ ਨੇ ਟੀਮ ਲਈ ਦੋਵੇਂ ਗੋਲ ਕੀਤੇ। ਉਸ ਨੇ ਪੈਨਲਟੀ ਕਾਰਨਰ ਦੇ ਪੈਨਲਟੀ ਸਟ੍ਰੋਕ ਨੂੰ ਗੋਲ ’ਚ ਤਬਦੀਲ ਕਰਕੇ ਭਾਰਤ ਨੂੰ 2-0 ਨਾਲ ਜਿੱਤ ਦਿਵਾਈ। ਭਾਰਤ ਆਪਣੇ ਦੂਜੇ ਅਭਿਆਸ ਮੈਚ ’ਚ ਇੰਗਲੈਂਡ ਨਾਲ ਭਿੜੇਗਾ।
ਕਾਲਿੰਗਾ ਸਟੇਡੀਅਮ ’ਚ ਪਹਿਲੀ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਲਈ ਸਾਰੀਆਂ ਅੱਠ ਟੀਮਾਂ ਉੜੀਸਾ ਪਹੁੰਚ ਗਈਆਂ ਹਨ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਕਲਿੰਗਾ ਸਟੇਡੀਅਮ ’ਚ ਸਾਰੀਆਂ ਅੱਠ ਟੀਮਾਂ ਦਾ ਸਵਾਗਤ ਕਰਨਗੇ। ਇਸੇ ਵਿਚਾਲੇ ਸਪੇਨ ਦੀ ਟੀਮ ਦੇ ਕੋਚ ਫਰੈਡ੍ਰਿਕ ਸੋਏਜ ਨੇ ਇੱਥੇ ਪਹੁੰਚਣ ਮਗਰੋਂ ਕਿਹਾ ਕਿ ਅਰਜਨਟੀਨਾ ਖ਼ਿਲਾਫ਼ ਹੋਣ ਵਾਲਾ ਮੁਕਾਬਲਾ ਉਨ੍ਹਾਂ ਲਈ ਕਾਫੀ ਸਖ਼ਤ ਹੋਵੇਗਾ। ਅਰਜਨਟੀਨਾ ਪੂਲ ‘ਏ’ ’ਚ ਬੈਲਜੀਅਮ, ਹਾਲੈਂਡ ਤੇ ਸਪੇਨ ਨਾਲ ਹੈ। ਉਨ੍ਹਾਂ ਕਿਹਾ, ‘ਵਿਸ਼ਵ ਦੀ ਨੰਬਰ ਇੱਕ ਟੀਮ ਅਰਜਨਟੀਨਾ ਨਾਲ ਅਸੀਂ ਮੁਸ਼ਕਿਲ ਗਰੁੱਪ ’ਚ ਹਾਂ ਅਤੇ ਉਨ੍ਹਾਂ ਖ਼ਿਲਾਫ਼ ਹੋਣ ਵਾਲਾ ਮੈਚ ਸਾਡੇ ਲਈ ਸਖ਼ਤ ਮੁਕਾਬਲਾ ਹੋਵੇਗਾ। ਸਾਡੀ ਟੀਮ ਇੱਥੇ ਉਲਟ ਹਾਲਤਾਂ ’ਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ।’ ਸਪੇਨ ਨੂੰ ਆਪਣਾ ਪਹਿਲਾ ਮੈਚ ਹਾਲੈਂਡ ਨਾਲ ਦੋ ਦਸੰਬਰ ਨੂੰ ਖੇਡਣਾ ਹੈ।