ਢਾਕਾ, 11 ਅਕਤੂਬਰ
ਏਸ਼ੀਆ ਵਿੱਚ ਪਹਿਲਾ ਸਥਾਨ ਕਾਇਮ ਰੱਖਣ ਦਾ ਇਰਾਦਾ ਲੈ ਕੇ ਭਾਰਤੀ ਹਾਕੀ ਟੀਮ ਭਲਕੇ ਜਾਪਾਨ ਖ਼ਿਲਾਫ਼ ਏਸ਼ੀਆ ਕੱਪ ਦਾ ਪਹਿਲਾ ਮੈਚ ਖੇਡਣ ਉਤਰੇਗੀ। ਏਸ਼ੀਆ ਕੱਪ ਭਾਰਤੀ ਹਾਕੀ ਲਈ ਇੱਕ ਨਵਾਂ ਅਧਿਆਇ ਹੋਵੇਗਾ ਕਿਉਂਕਿ ਆਰ. ਓਲਟਮੈਨ ਨੂੰ ਕੋਚ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵੇਂ ਕੋਚ ਜੌਰਡਨ ਮਾਰਿਨ ਦੀ ਅਗਵਾਈ ਵਿੱਚ ਇਹ ਭਾਰਤ ਦਾ ਪਹਿਲਾ ਟੂਰਨਾਮੈਂਟ ਹੈ। ਓਲਟਮੈਨ ਨੇ ਚਾਰ ਸਾਲ ਵਿੱਚ ਭਾਰਤੀ ਟੀਮ ਨੂੰ ਵਿਸ਼ਵ ਦਰਜਾਬੰਦੀ ਵਿੱਚ 12ਵੇਂ ਤੋਂ ਛੇਵੇਂ ਸਥਾਨ ’ਤੇ ਪਹੁੰਚਾ ਦਿੱਤਾ ਸੀ। ਪਿਛਲੀ ਵਾਰ ਉਪ ਜੇਤੂੁ ਰਹੀ ਭਾਰਤੀ ਟੀਮ ਦੀ ਕਮਾਨ ਮਿਡ-ਫੀਲਡਰ ਮਨਪ੍ਰੀਤ ਸਿੰਘ ਦੇ ਹੱਥ ਵਿੱਚ ਹੈ।
ਭਾਰਤ ਨੂੰ ਪੂਲ ‘ਏ’ ਵਿੱਚ ਜਾਪਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਰੱਖਿਆ ਗਿਆ ਹੈ। ਭਾਰਤ ਦਾ ਇਰਾਦਾ ਜਿੱਤ ਨਾਲ ਆਗਾਜ਼ ਕਰਨ ਦਾ ਹੋਵੇਗਾ। ਕਪਤਾਨ ਮਨਪ੍ਰੀਤ ਨੇ ਆਖਿਆ, ‘ਸ਼ੁਰੂਆਤੀ ਮੈਚ ਸਦਾ ਚੁਣੌਤੀਪੂਰਨ ਹੁੰਦਾ ਹੈ। ਟੀਮ ਦੇ ਹੌਸਲੇ ਬੁਲੰਦ ਹਨ ਤੇ ਅਸੀਂ ਇਸ ਚੁਣੌਤੀ ਲਈ ਤਿਆਰ ਹਾਂ।’
ਉਸ ਨੇ ਕਿਹਾ, ‘ਅਸੀਂ ਇਸ ਟੂਰਨਾਮੈਂਟ ਵਿੱਚ ਸਰਬੋਤਮ ਦਰਜਾਬੰਦੀ ਵਾਲੀ ਟੀਮ ਵਜੋਂ ਸ਼ਾਮਲ ਹੋ ਰਹੇ ਹਾਂ ਤੇ ਸਾਡਾ ਟੀਚਾ ਹੈ ਕਿ ਟੀਮ ਪਹਿਲੇ ਨੰਬਰ ’ਤੇ ਕਾਇਮ ਰਹੇ।’ ਭਾਰਤ ਨੇ ਇਸ ਸਾਲ ਅਜ਼ਲਾਨ ਸ਼ਾਹ ਕੱਪ ਵਿੱਚ ਜਾਪਾਨ ਨੂੰ 4-3 ਨਾਲ ਹਰਾਇਆ ਸੀ। ਭਾਰਤੀ ਟੀਮ ਜਾਪਾਨ ਨੂੰ ਕਮਜ਼ੋਰ ਟੀਮ ਸਮਝਣ ਦੀ ਗ਼ਲਤੀ ਨਹੀਂ ਕਰ ਸਕਦੀ, ਜਿਹੜੀ ਵੱਖ-ਵੱਖ ਸਮੇਂ ਖ਼ਤਰਨਾਕ ਸਾਬਤ ਹੋਈ ਹੈ। ਉਸ ਨੇ ਅਜ਼ਲਾਨ ਸ਼ਾਹ ਕੱਪ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ 3-2 ਨਾਲ ਹਰਾਇਆ ਸੀ। ਗੋਲਕੀਪਰ ਆਕਾਸ਼ ਚਿਤਕੇ ਅਤੇ ਸੂਰਜ ਕਰਕੇਰਾ ਨੇ ਟੀਮ ਵਿੱਚ ਆਪਣੀ ਥਾਂ ਕਾਇਮ ਰੱਖੀ ਹੈ ਜਦਕਿ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਯੂਰੋਪ ਦੌਰੇ ’ਤੇ ਆਰਾਮ ਦਿੱਤੇ ਜਾਣ ਤੋਂ ਬਾਅਦ ਵਾਪਸੀ ਕੀਤੀ ਹੈ। ਇਸ ਟੂਰਨਾਮੈਂਟ ਲਈ ਟੀਮ ਵਿੱਚ ਸਾਬਕਾ ਕਪਤਾਨ ਸਰਦਾਰ ਸਿੰਘ, ਆਕਾਸ਼ਦੀਪ ਸਿੰਘ, ਸਤਬੀਰ ਸਿੰਘ ਅਤੇ ਐਸ.ਵੀ. ਸੁਨੀਲ ਵਰਗੇ ਤਜਰਬੇਕਾਰ ਖਿਡਾਰੀਆਂ ਨੇ ਵੀ ਵਾਪਸੀ ਕੀਤੀ ਹੈ।