ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਰਾਹਤ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਦਰਖ਼ਤ ਕੱਟਣ ਤੇ ਛੰਗਾਈ ਲਈ ਜਰਮਨ ਤੋਂ ਖਰੀਦੀ ਮਸ਼ੀਨ ਸਬੰਧੀ ਮੇਅਰ ਨੂੰ ਜਾਰੀ ਕੀਤਾ ‘ਕਾਰਨ ਦੱਸੋ’ ਨੋਟਿਸ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਪੂਰੀ ਛੋਟ ਹੈ ਕਿ ਉਹ ਕਿਸੇ ਮਾਮਲੇ ਦੀ ਜਾਂਚ ਕਰਵਾਏ ਪਰ ਇਹ ਜਾਂਚ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਮੁਕੰਮਲ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬੀਤੀ 1 ਫਰਵਰੀ ਨੂੰ ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ।
ਸਰਕਾਰ ਵੱਲੋਂ ਹਾਈ ਕੋਰਟ ਵਿੱਚ ਦਲੀਲ ਦਿੱਤੀ ਗਈ ਕਿ ਮੇਅਰ ਵੱਲੋਂ ਮਸ਼ੀਨ ਖਰੀਦ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਮਸ਼ੀਨ ਖਰੀਦਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਅਤੇ ਸਰਕਾਰ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਮਸ਼ੀਨ ਖਰੀਦੀ ਗਈ ਸੀ। ਉਨ੍ਹਾਂ ਨੇ ਸਬੂਤ ਵਜੋਂ ਸਾਰੇ ਦਸਤਾਵੇਜ਼ ਵੀ ਪੇਸ਼ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮਸ਼ੀਨ ਦੀ ਕੀਮਤ ਪੌਣੇ ਦੋ ਕਰੋੜ ਨਹੀਂ ਹੈ ਬਲਕਿ 88 ਲੱਖ ਰੁਪਏ ਹੈ ਅਤੇ 30 ਲੱਖ ਦਾ ਟਰੈਕਟਰ ਅਰਜਨਟੀਨਾ ਤੋਂ ਮੰਗਵਾਇਆ ਗਿਆ ਹੈ ਅਤੇ 60 ਲੱਖ ਰੁਪਏ ਐਕਸਾਈਜ਼ ਡਿਊਟੀ ਲੱਗੀ ਹੈ। ਬਚਾਅ ਪੱਖ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ।
ਲੋਕਤੰਤਰ ਦੀ ਹੋਈ ਜਿੱਤ: ਮੇਅਰ
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਖਰੀਦ ਮਾਮਲੇ ਵਿੱਚ ਪਾਰਦਰਸ਼ਤਾ ਵਰਤੀ ਗਈ ਸੀ। ਪਿਛਲੇ ਡੇਢ ਮਹੀਨੇ ਦੌਰਾਨ ਉਨ੍ਹਾਂ ਨੇ ਕਾਫ਼ੀ ਤਣਾਅ ਝੱਲਿਆ ਹੈ। ਮੰਤਰੀ ਨਵਜੋਤ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆਂ ਮੇਅਰ ਨੇ ਕਿਹਾ ਕਿ ਮੰਤਰੀ ਵੱਲੋਂ ਸਾਜ਼ਿਸ਼ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਲਦੀ ਹੀ ਮੰਤਰੀ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨੋਟਿਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਬਚਾਅ ਪੱਖ ਨੇ ਸੋਧਿਆ ਹੋਇਆ ਪ੍ਰੈੱਸ ਬਿਆਨ ਅਦਾਲਤ ਵਿੱਚ ਕੀਤਾ ਪੇਸ਼
ਬਚਾਅ ਪੱਖ ਨੇ ਮੰਤਰੀ ਵੱਲੋਂ ਜਲਦਬਾਜ਼ੀ ਵਿੱਚ ਮੇਅਰ ਨੂੰ ਮੁਅੱਤਲ ਕਰਨ ਸਬੰਧੀ ਜਾਰੀ ਕੀਤਾ ਸਰਕਾਰੀ ਪ੍ਰੈੱਸ ਨੋਟ ਅਤੇ ਕੁਝ ਸਮੇਂ ਬਾਅਦ ਦੁਬਾਰਾ ਸੋਧ ਕੇ ਜਾਰੀ ਕੀਤੇ ਪ੍ਰੈੱਸ ਬਿਆਨ ਦੀਆਂ ਕਾਪੀਆਂ ਵੀ ਅਦਾਲਤ ਵਿੱਚ ਪੇਸ਼ ਕੀਤੀਆਂ। ਮੇਅਰ ਨੇ ਵਿਭਾਗ ਦੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਦਾਅਵਾ ਕੀਤਾ ਕਿ ਮੰਤਰੀ ਅਤੇ ਕਾਂਗਰਸੀਆਂ ਦੇ ਭੁਲੇਖੇ ਦੂਰ ਕਰਨ ਲਈ ਜਲਦੀ ਹੀ ਜਰਮਨ ਤੋਂ ਖਰੀਦੀ ਮਸ਼ੀਨ ਦਾ ਡੈਮੋ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਸਿਰਫ਼ ਦਰਖ਼ਤਾਂ ਦੀ ਛੰਗਾਈ ਨਹੀਂ ਕਰੇਗੀ ਸਗੋਂ ਕੂੜਾ ਕਰਕਟ ਚੁੱਕਣ ਵਾਲੇ ਵਾਹਨਾਂ ਨੂੰ ਪ੍ਰੈੱਸ਼ਰ ਨਾਲ ਧੌਣ ਸਮੇਤ ਸਾਈਨ ਬੋਰਡਾਂ ਨੂੰ ਵੀ ਸਾਫ਼ ਕਰੇਗੀ।