ਨਵੀਂ ਦਿੱਲੀ— ਓਲੰਪਿਕ ‘ਚ ਚਾਂਦੀ ਦਾ ਤਮਗਾ ਜੇਤੂ ਪੀ.ਵੀ. ਸਿੰਧੂ ਵੀਰਵਾਰ ਨੂੰ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਹਾਰ ਕੇ ਬਾਹਰ ਹੋ ਗਈ ਪਰ ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਸਿੰਧੂ ਨੂੰ ਕੋਰੀਆ ਦੀ ਹਿਊਨ ਜੀ ਸੁੰਗ ਤੋਂ 24-26, 20-22 ਨਾਲ ਹਾਰ ਦਾ ਸਾਹਮਣਾ ਕਰਕੇ ਬਾਹਰ ਦਾ ਰਸਤਾ ਦੇਖਣਾ ਪਿਆ। ਇਹ ਮੈਚ 59 ਮਿੰਟ ਤਕ ਚਲਿਆ। ਸਿੰਧੂ ਨੇ ਦੋਹਾਂ ਗੇਮਾਂ ‘ਚ ਸਖਤ ਟੱਕਰ ਦਿੱਤੀ ਪਰ ਉਹ ਮੁਕਾਬਲੇ ਨੂੰ ਤੀਜੇ ਗੇਮ ਤੱਕ ਖਿੱਚਣ ‘ਚ ਅਸਫਲ ਰਹੀ।

ਸਿੰਧੂ ਦੀ ਹਾਰ ਨਾਲ ਵੀਮੰਸ ਸਿੰਗਲਸ ‘ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ ਕਿਉਕਿ ਸਾਇਨਾ ਨੇਹਵਾਲ ਪਹਿਲੇ ਹੀ ਦੌਰ ਤੋਂ ਅੱਗੇ ਨਹੀਂ ਵਧ ਸਕੀ ਸੀ। ਪਰ ਪੁਰਸ਼ ਸਿੰਗਲਸ ‘ਚ ਭਾਰਤ ਲਈ ਚੰਗਾ ਦਿਨ ਰਿਹਾ ਅਤੇ ਸ਼੍ਰੀਕਾਂਤ ਅਤੇ ਸਮੀਰ ਅੰਤਿਮ ਅੱਠ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ। ਕਾਮਨਵੈਲਥ ਗੇਮਸ ਦੇ ਜੇਤੂ ਚੌਥਾ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਮਵਤਨ ਐੱਚ.ਐੱਸ. ਪ੍ਰਣਯ ਨੂੰ ਸਖਤ ਮੁਕਾਬਲੇ ‘ਚ 18-21, 30-29, 21-18 ਨਾਲ ਹਰਾਇਆ। ਸਮੀਰ ਨੇ ਆਪਣੇ ਓਲੰਪਿਕ ਚੈਂਪੀਅਨ ਮੁਕਾਬਲੇਬਾਜ਼ ਚੇਨ ਲੋਂਗ ਦੇ ਸੱਟ ਕਾਰਨ ਪਿੱਛੇ ਹਟਣ ‘ਤੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ।