ਪਟਿਆਲਾ, 13 ਨਵੰਬਰ
ਪੰਜਾਬ ਤੋਂ ਦਿੱਲੀ ਤੱਕ ਹਵਾ ਪ੍ਰਦੂਸ਼ਣ ਦੀ ਮਾਰ ਦੇ ਮਸਲੇ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਤੀ ਦਿੱਲੀ ਵਾਲਿਆਂ ਦੇ ਤੌਖ਼ਲੇ ਤੇ ਸ਼ਿਕਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਉਲਟਾ ਦਿੱਲੀ ਦੇ ਪ੍ਰਦੂਸ਼ਣ ਤੋਂ ਪੰਜਾਬ ਨੂੰ ਖ਼ਤਰਾ ਦੱਸਿਆ ਹੈ| ਬੋਰਡ ਦਾ ਦਾਅਵਾ ਹੈ ਕਿ ਪੰਜਾਬ ਦੀ ਹਵਾ ਦਿੱਲੀ ਮੁਕਾਬਲੇ ਕਿਤੇ ਸਾਫ਼ ਹੈ ਤੇ ਪੰਜਾਬ ਵਿੱਚ ਏਅਰ ਕੁਆਲਿਟੀ ਇੰਡੈਕਸ (ਹਵਾ ਦੇ ਮਿਆਰ ਦੀ ਦਰ) ਦਿੱਲੀ ਤੋਂ ਕਰੀਬ ਸਵਾ ਸੌ ਅੰਕੜਾ ਘੱਟ ਹੈ|
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਤਰਕ ਹੈ ਕਿ ਹਵਾ ਦਾ ਰੁਖ਼ ਪੰਜਾਬ ਤੋਂ ਕਦੇ ਵੀ ਦਿੱਲੀ ਵੱਲ ਨਹੀਂ ਹੋਇਆ ਤੇ ਨਾ ਹੀ ਹਵਾ ਦੀ ਰਫ਼ਤਾਰ ਐਨੀ ਤੇਜ਼ ਰਹੀ ਹੈ ਕਿ ਪੰਜਾਬ ਦਾ ਧੂੰਆਂ ਢਾਈ ਸੌ ਕਿਲੋਮੀਟਰ ਦੂਰ ਦਿੱਲੀ ਤੱਕ ਮਾਰ ਕਰਨ ਦੇ ਸਮੱਰਥ ਹੋਵੇ| ਬੋਰਡ ਨੇ ਦੱਸਿਆ ਕਿ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 490 ਅੰਕੜੇ ’ਤੇ ਪੁੱਜਦਾ ਰਿਹਾ ਹੈ, ਜਦੋਂਕਿ ਪੰਜਾਬ ਵਿੱਚ ਇੰਨਾ ਅੰਕੜਾ ਕਦੇ ਵੀ ਨਹੀਂ ਹੋਇਆ| ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦੌਰਾਨ ਵੀ ਇਹ ਅੰਕੜਾ ਇੱਕ-ਦੋ ਥਾਵਾਂ ’ਤੇ ਵੱਧ ਤੋਂ ਵੱਧ 370 ਤੱਕ ਅੱਪੜਿਆ ਸੀ ਤੇ ਬਹੁਤ ਸਾਰੀਆਂ ਥਾਵਾਂ ’ਤੇ ਇਹ ਦਰ ਦੋ ਸੌ ਤੋਂ ਤਿੰਨ ਸੌ ਅੰਕੜੇ ਤੱਕ ਹੀ ਰਹੀ ਹੈ| ਅਜਿਹੇ ਵਿੱਚ ਕਿਵੇਂ ਸੰਭਵ ਹੈ ਕਿ ਪੰਜਾਬ ਦੀ ਹਵਾ ਦਿੱਲੀ ਤੱਕ ਮਾਰ ਕਰ ਰਹੀ ਹੈ| ਬੋਰਡ ਦੇ ਡਿਪਟੀ ਡਾਇਰੈਕਟਰ ਤੇ ਉਘੇ ਵਿਗਿਆਨੀ ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਸਪਸ਼ਟ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਵੱਧ ਖ਼ਤਰਾ ਹੈ| ਚਰਨਜੀਤ ਸਿੰਘ ਮੁਤਾਬਕ ਪੰਜਾਬ ਤੋਂ ਹਵਾ ਦਾ ਕੁਦਰਤੀ ਰੁਖ਼ ਪਾਕਿਸਤਾਨ ਜਾਂ ਰਾਜਸਥਾਨ ਵੱਲ ਤਾਂ ਹੋ ਸਕਦਾ ਹੈ, ਪਰ ਦਿੱਲੀ ਵੱਲ ਕਦੇ ਨਹੀਂ ਰਿਹਾ| ਜਾਣਕਾਰੀ ਮੁਤਾਬਕ ਇਸ ਮੁੱਦੇ ’ਤੇ ਪੰਜਾਬ ਨੇ ਆਪਣਾ ਤਰਕ ਹੁਣ ਤੱਕ ਕਈ ਵਾਰ ਕੌਮੀ ਗਰੀਨ ਟ੍ਰਿਬਿਊਨਲ, ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਹੋਈਆਂ ਸੁਣਵਾਈਆਂ ਦੌਰਾਨ ਦਿੱਤਾ ਹੈ, ਪਰ ਅਜੇ ਤੱਕ ਪੰਜਾਬ ਦੀ ਦਲੀਲ ’ਤੇ ਗ਼ੌਰ ਨਹੀਂ ਹੋਈ। ਪੰਜਾਬ ਹੁਣ ਮੰਗਲਵਾਰ ਨੂੰ ਕੌਮੀ ਗਰੀਨ ਟ੍ਰਿਬਿਊਨਲ ਕੋਲ ਹੋਣ ਵਾਲੀ ਸੁਣਵਾਈ ਦੌਰਾਨ ਵੀ ਇਸ ਪੱਖ ਨੂੰ ਮੁੜ ਉਭਾਰਨ ਦੀ ਕੋਸ਼ਿਸ਼ ਵਿੱਚ ਹੈ| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਹਵਾ ਦੀ ਰਫ਼ਤਾਰ ਅਜਿਹੀ ਨਹੀਂ ਹੈ ਕਿ 250 ਕਿਲੋਮੀਟਰ ਦੂਰ ਦਿੱਲੀ ਤੱਕ ਪੰਜਾਬ ਦੇ ਧੂੰਏਂ ਦੀ ਮਾਰ ਪੈਂਦੀ ਹੋਵੇ| ਬੋਰਡ ਦਾ ਮੰਨਣਾ ਹੈ ਕਿ ਝੋਨੇ ਦੀ ਪਰਾਲੀ ਦੀ ਪੈਦਾਵਾਰ ਸਾਢੇ 19.50 ਮਿਲੀਅਨ ਟਨ ਨੂੰ ਢੁੱਕ ਰਹੀ ਹੈ। ਜੇ ਕੇਂਦਰ ਸਰਕਾਰ ਪਰਾਲੀ ਸਾੜਨ ਦੇ ਬਦਲ ਵਜੋਂ ਕਿਸਾਨਾਂ ਨੂੰ ਢੁੱਕਵਾਂ ਤੇ ਸਸਤਾ ਪ੍ਰਬੰਧ ਕਰ ਕੇ ਦੇਵੇ ਤਾਂ ਅਜਿਹੇ ਰੁਝਾਨ ਨੂੰ ਥੰਮਿਆ ਜਾ ਸਕਦਾ ਹੈ| ਬੋਰਡ ਦਾ ਦਾਅਵਾ ਹੈ ਕਿ ਐਤਕੀਂ ਕਿਸਾਨਾਂ ਨੇ ਪਰਾਲੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਅੱਗ ਘੱਟ ਲਾਈ ਹੈ| ਪਰਾਲੀ ਫੂਕਣ ਦੇ ਦੋਸ਼ ਹੇਠ 66 ਲੱਖ ਰੁਪਏ ਦੇ ਕਰੀਬ ਸੂਬੇ ਦੇ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਗਏ ਹਨ, ਜਿਸ ’ਚੋਂ ਪੰਜ ਲੱਖ ਦੇ ਕਰੀਬ ਰਿਕਵਰੀ ਵੀ ਹੋ ਗਈ ਹੈ|