ਪੱਟੀ/ਤਰਨ ਤਾਰਨ, 22 ਜੁਲਾਈ
ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਅਤੇ ਖਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਡਾਊਨ ਸਟਰੀਮ ਵਿੱਚ ਪਾਣੀ ਨਾ ਛੱਡੇ ਜਾਣ ਦੇ ਵਿਰੋਧ ’ਚ ਅੱਜ ਹਰੀਕੇ ਹੈੱਡ ਵਰਕਸ ’ਤੇ ਧਰਨਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ’ਤੇ ਪਾਣੀ ਦੀ ਆਮਦ ਮੁਤਾਬਕ ਸਮੇਂ ਸਿਰ ਡਾਊਨ ਸਟਰੀਮ ਵਿੱਚ ਪਾਣੀ ਨਾ ਛੱਡਣ ਕਰਕੇ ਅੱਪ ਸਟਰੀਮ ਵਾਲੇ ਪਾਸੇ ਮਾਝੇ ਤੇ ਮਾਲਵੇ ਦੀ ਹਜ਼ਾਰਾਂ ਏਕੜ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆ ਗਈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਟਾਲਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਵੱਡੀ ਗਿਣਤੀ ਪਰਿਵਾਰ ਹੜ੍ਹ ਦੀ ਮਾਰ ਹੇਠ ਆਏ ਹਨ। ਇਸ ਦੌਰਾਨ ਹਰੀਕੇ ਹੈੱਡ ਵਰਕਸ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਹਰੀਕੇ ਹੈੱਡ ਵਰਕਸ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਕਿ ਜੇ ਹਰੀਕੇ ਹੈੱਡ ਵਰਕਸ ਤੋਂ ਪਾਣੀ ਦੀ ਆਮਦ ਮੁਤਾਬਕ ਡਾਊਨ ਸਟਰੀਮ ਵਿੱਚ ਪਾਣੀ ਨਾ ਛੱਡਿਆ ਗਿਆ ਤਾਂ ਉਹ ਮੁੜ ਧਰਨਾ ਲਾਉਣਗੇ।
ਹਰੀਕੇ ਹੈੱਡ ਵਰਕਸ ਦੇ ਐੱਸਡੀਓ ਨਵਨੀਤ ਗੁਪਤਾ ਨੇ ਦੱਸਿਆ ਕਿ ਹਰੀਕੇ ਹੈੱਡ ਵਰਕਸ ’ਤੇ ਅੱਜ ਕਰੀਬ 75,000 ਹਜ਼ਾਰ ਕਿਊਸਕ ਪਾਣੀ ਦੀ ਆਮਦ ਹੋਈ ਹੈ ਤੇ ਡਾਊਨ ਸਟਰੀਮ ਵਿੱਚ 65,000 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਛੱਡਿਆ ਗਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਕਨਾਲ ਵਿੱਚ 8,640 ਕਿਊਸਕ ਅਤੇ ਰਾਜਸਥਾਨ ਕਨਾਲ ਵਿੱਚ ਕਰੀਬ ਦੋ ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।