ਗੂਹਲਾ ਚੀਕਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਦੀ ਗਈ ਸੂਬਾ ਕਾਰਜਕਾਰਨੀ ਦੀ ਬੀਤੇ ਦਿਨੀਂ ਸੱਦੀ ਮੀਟਿੰਗ ਵਿੱਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਨਾ ਪਹੁੰਚਣ ਕਾਰਨ ਕਾਰਜਕਾਰਨੀ ਦੇ ਮੈਂਬਰਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਅਤੇ ਕਾਫੀ ਹੰਗਾਮਾ ਵੀ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਛੇਵੀਂ ਤੇ ਨੌਵੀਂ ਪਾਤਸ਼ਾਹੀ, ਚੀਕਾ ਵਿਖੇ ਜਦੋਂ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਕੁਝ ਮੈਂਬਰਾਂ ਵੱਲੋਂ ਇਹ ਸਵਾਲ ਚੁੱਕਿਆ ਗਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਮੀਟਿੰਗ ਵਿੱਚ ਕਿਉਂ ਨਹੀਂ ਆਏ। ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕਮੇਟੀ ਦੇ ਸਕੱਤਰ ਜੋਗਾ ਸਿੰਘ ਭੜਕ ਗਏ ਅਤੇ ਬੋਲਣ ਲੱਗੇ ਕਿ ਨਿੱਜੀ ਕਾਰਨਾਂ ਕਰਕੇ ਅਨੇਕਾਂ ਵਾਰ ਕਿਸੇ ਨਾ ਕਿਸੇ ਮੈਂਬਰ ਨੂੰ ਮੀਟਿੰਗ ਤੋਂ ਗੈਰ ਹਾਜ਼ਰ ਰਹਿਣਾ ਪਿਆ ਹੈ, ਇਸ ਵਾਸਤੇ ਇਸ ਗੱਲ ਨੂੰ ਲੈ ਕੇ ਰਾਜਨੀਤੀ ਕਰਨਾ ਠੀਕ ਨਹੀਂ ਹੈ। ਸਕੱਤਰ ਜੋਗਾ ਸਿੰਘ ਦੇ ਏਨਾ ਕਹਿੰਦੇ ਸਾਰ ਕੈਥਲ ਦੇ ਸੀਨੀਅਰ ਵਕੀਲ ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਪ੍ਰਧਾਨ ਜੀ ਆਪ ਸੱਦੀ ਮੀਟਿੰਗ ’ਚੋਂ ਆਪ ਹੀ ਗੈਰ ਹਾਜ਼ਰ ਹੋਏ ਰਹੇ ਹਨ।
ਬੈਠਕ ਵਿੱਚ ਤਿੰਨ ਸਾਲ ਦੇ ਹਿਸਾਬ-ਕਿਤਾਬ ਤੇ ਸੁਪਰੀਮ ਕੋਰਟ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਖੜ੍ਹੇ ਕੀਤੇ ਗਏ ਵਕੀਲ ਦਾ ਨਾਂ ਸਪੱਸ਼ਟ ਕਰਨ ਨੂੰ ਲੈ ਕੇ ਵੀ ਖ਼ੂਬ ਬਹਿਸ ਹੋਈ। ਐਡਵੋਕੇਟ ਸੁਰਜੀਤ ਸਿੰਘ ਅਤੇ ਸਕੱਤਰ ਜੋਗਾ ਸਿੰਘ ਵਿਚਕਾਰ ਕੁੱਝ ਦੇਰ ਤੱਕ ਸਿੱਧੀ ਤਕਰਾਰ ਚੱਲਦੀ ਰਹੀ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਅਤੇ ਬਲਦੇਵ ਸਿੰਘ ਬੱਲੀ ਸਣੇ ਕਈ ਮੈਂਬਰ ਐਡਵੋਕੇਟ ਸੁਰਜੀਤ ਸਿੰਘ ਦੇ ਪੱਖ ਵਿੱਚ ਬੋਲਣ ਲੱਗੇ। ਕਮੇਟੀ ਦੇ ਸੀਨੀਅਰ ਮੈਂਬਰ ਅਵਤਾਰ ਸਿੰਘ ਚੱਕੂ ਜਿਵੇਂ ਹੀ ਸਕੱਤਰ ਜੋਗਾ ਸਿੰਘ ਦੇ ਹੱਕ ਵਿੱਚ ਉਤਰੇ ਤਾਂ ਭਾਰੀ ਹੰਗਾਮਾ ਹੋ ਗਿਆ। ਇਸ ਭਾਰੀ ਹੰਗਾਮੇ ਵਿੱਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦੀ ਅਗਵਾਈ ਹੇਠ ਜਸਵੀਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ, ਮੋਹਨਜੀਤ ਸਿੰਘ, ਕਾਲਾ ਸਿੰਘ, ਕਰਨੈਲ ਸਿੰਘ ਨਿਮਨਾਬਾਦ ਤੇ ਬਲਦੇਵ ਸਿੰਘ ਬੱਲੀ ਸਣੇ ਤਕਰੀਬਨ ਇੱਕ ਦਰਜਨ ਮੈਂਬਰ ਮੀਟਿੰਗ ਛੱਡ ਕੇ ਬਾਹਰ ਚਲੇ ਗਏ।