ਪੰਚਕੂਲਾ, 28 ਅਗਸਤ
ਡੇਰਾ ਸਿਰਸਾ ਮੁਖੀ ਖ਼ਿਲਾਫ਼ ਆਏ ਅਦਾਲਤੀ ਫ਼ੈਸਲੇ ਤੋਂ ਬਾਅਦ ਦੇ ਹਾਲਾਤ ਬਾਰੇ ਹਰਿਆਣਾ ਪੁਲੀਸ ਦੇ ਡੀਜੀਪੀ ਬੀਐਸ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ 25 ਅਗਸਤ ਨੂੰ ਪੰਚਕੂਲਾ ਵਿੱਚ 30 ਅਤੇ ਸਿਰਸਾ ਵਿੱਚ 6 ਲੋਕਾਂ ਦੀ ਮੌਤ ਹੋਈ ਸੀ। ਪੰਚਕੂਲਾ ਵਿਚਲੇ 30 ਵਿੱਚੋਂ 13 ਲੋਕਾਂ ਦੀ ਪਛਾਣ ਕਰ ਲਈ ਗਈ ਹੈ।
ਜ਼ਿਲ੍ਹਾ ਪੁਲੀਸ ਨੇ ਦੇਰ ਰਾਤ ਬਿਆਨ ਜਾਰੀ ਕਰਕੇ ਕੁਝ ਮ੍ਰਿਤਕਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਵਿੱਚ ਪੰਜਾਬ ਦੇ ਬਠਿੰਡਾ ਦਾ ਹਰੀ ਸਿੰਘ, ਮਲੋਟ ਦਾ ਲਵਪ੍ਰੀਤ ਉਰਫ਼ ਬੱਗਾ, ਫਾਜ਼ਿਲਕਾ ਦਾ ਅਮਨ, ਬਰਨਾਲਾ ਦਾ ਜਗਰੂਪ ਸਿੰਘ, ਮਾਨਸਾ ਦਾ ਉਗਰਸੈਨ, ਪਟਿਆਲਾ ਦਾ ਮਨੀਸ਼ ਸ਼ਰਮਾ, ਹਰਿਆਣਾ ਦੇ ਅੰਬਾਲਾ ਦਾ ਯੂਨੀਕ, ਜੀਂਦ ਦਾ ਸੂਬੇ ਸਿੰਘ, ਜੈ ਭਗਵਾਨ, ਨਿੰਬੋ ਅਤੇ ਰਮੇਸ਼ ਕੈਥਲ, ਕਰਨਾਲ ਦਾ ਮਨੀਸ਼ ਸ਼ਾਮਿਲ ਦੱਸੇ ਗਏ ਹਨ। ਹਾਲੇ ਪੁਲੀਸ ਵੱਲੋਂ ਮ੍ਰਿਤਕਾਂ ਦੀ ਦੂਜੀ ਲਿਸਟ ਜਾਰੀ ਨਹੀਂ ਕੀਤੀ ਗਈ।
ਪੰਚਕੂਲਾ ਪੁਲੀਸ ਨੇ ਉਨ੍ਹਾਂ ਕੁਝ ਅਗਿਆਤ ਮ੍ਰਿਤਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੀ     ਮੌਤ ਇਸ ਦੰਗੇ ਤੋਂ ਬਾਅਦ ਸੈਕਟਰ-32, ਚੰਡੀਗਡ਼੍ਹ ਦੇ ਹਸਪਤਾਲ ਵਿੱਚ ਹੋ  ਗਈ ਸੀ। ਪੰਚਕੂਲਾ ਪੁਲੀਸ ਨੇ               ਫੋਨ ਨੰਬਰ 0172-2569200 ਜਾਰੀ ਕੀਤਾ ਹੈ।
ਡਾਇਰੈਕਟਰ ਜਰਨਲ ਪੁਲੀਸ ਬੀਐਸ ਸੰਧੂ ਨੇ ਦੱਸਿਆ ਕਿ ਹਰਿਆਣਾ ਵਿੱਚ ਸ਼ਾਂਤੀ ਬਣਾਈ ਰੱਖਣ ਲਈ 30 ਪੈਰਾ ਮਿਲਟਰੀ ਅਤੇ ਹੋਰ ਸੁਰੱਖਿਆ ਬਲ    ਮੰਗੇ ਹਨ।
ਹੁਣ ਹਰਿਆਣਾ ਵਿੱਚ 131 ਪੈਰਾ ਮਿਲਟਰੀ ਅਤੇ ਵੱਖ-ਵੱਖ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਹਨ।  ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਕੱਟੜਾ ਤੱਕ ਦੀ ਆਵਾਜਾਈ ਖੋਲ੍ਹ ਦਿੱਤੀ ਹੈ ਤੇ ਕੁਝ ਚੋਣਵੇਂ ਥਾਵਾਂ ’ਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਭੇਜੀਆਂ ਜਾ ਰਹੀਆਂ ਹਨ।