ਬਠਿੰਡਾ, 18 ਅਗਸਤ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਸੰਸਦੀ ਹਲਕੇ ਵਿੱਚ ‘ਦਿਸ਼ਾ ਕਮੇਟੀ’ ਦੀ ਕੀਤੀ ਗਈ ਮੀਟਿੰਗ ਵਿੱਚ ਪੁਰਾਣਾ ਜਲੌਅ ਨਾ ਦਿੱਸਿਆ। ਨਾ ਪੁਰਾਣੇ ਦਬਕੇ ਅਤੇ ਨਾ ਪੁਰਾਣਾ ਦਮਖ਼ਮ, ਉਪਰੋਂ ਅਫਸਰ ਵੀ ਬਿਨਾਂ ਤਿਆਰੀ ਮੀਟਿੰਗ ਵਿੱਚ ਪੁੱਜੇ ਹੋਏ ਸਨ। ਪੂਰੇ ਤਿੰਨ ਵਰ੍ਹਿਆਂ ਮਗਰੋਂ ਜ਼ਿਲ੍ਹਾ ਬੁਨਿਆਦੀ ਢਾਂਚਾ ਸਕੀਮ ਸਲਾਹਕਾਰੀ ਕਮੇਟੀ (ਦਿਸ਼ਾ) ਦੀ ਹੋਈ ਮੀਟਿੰਗ ਵਿੱਚ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਚੱਲਦੀਆਂ ਕੇਂਦਰੀ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਪੁੱਜੇ ਹੋਏ ਸਨ।
ਕੇਂਦਰੀ ਨਿਯਮਾਂ ਅਨੁਸਾਰ ‘ਦਿਸ਼ਾ ਕਮੇਟੀ’ ਦੀ ਮੀਟਿੰਗ ਤਿੰਨ-ਚਾਰ ਮਹੀਨਿਆਂ ਮਗਰੋਂ ਮੀਟਿੰਗ ਹੋਣੀ ਹੁੰਦੀ ਹੈ ਪ੍ਰੰਤੂ ਇਹ ਮੀਟਿੰਗ ਤਿੰਨ ਵਰ੍ਹਿਆਂ ਮਗਰੋਂ ਹੋਈ ਹੈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੇ 28 ਸਕੀਮਾਂ ਤਹਿਤ ਚੱਲਦੇ ਕੰਮਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਏਨੀ ਲੰਮੀ ਚੱਲੀ ਕਿ ਅਫਸਰ ਉਬਾਸੀਆਂ ਲੈਂਦੇ ਰਹੇ। ਬੀਬੀ ਬਾਦਲ ਨੇ ਬਹੁਤੇ ਅਫਸਰਾਂ ਨੂੰ ਜਦੋਂ ਚੱਲਦੇ ਕੰਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਇੱਕੋ ਜੁਆਬ ਸੀ ਕਿ ਉਨ੍ਹਾਂ ਨੇ ਤਾਂ ਹੁਣੇ ਜੁਆਇਨ ਕੀਤਾ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਇਸ ਮਾਮਲੇ ਵਿੱਚ ਢਿੱਲੇ ਜਾਪੇ।     ਭਾਵੇਂ ਬੀਬੀ ਬਾਦਲ ਨੇ ਅਜਿਹੇ ਅਫਸਰਾਂ ਨੂੰ ਤਿੱਖੇ ਤੇਵਰ ਦਿਖਾਏ ਪ੍ਰੰਤੂ ਅਫਸਰਾਂ ਨੇ ਸਹਿਜਤਾ ਨਾਲ ਲਿਆ।
ਕੇਂਦਰੀ ਮੰਤਰੀ ਨੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਸਕੀਮਾਂ ਤਹਿਤ ਦਿੱਤੇ ਫੰਡਾਂ ਨੂੰ ਜਲਦੀ ਖ਼ਤਮ ਕਰਕੇ ‘ਵਰਤੋਂ ਸਰਟੀਫਿਕੇਟ’ ਦੇਣ। ਉਨ੍ਹਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਸ਼ਲਾਘਾ ਕੀਤੀ ਪ੍ਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਦਾ ਕੋਈ ਜ਼ਿਕਰ ਕਰਨ ਤੋਂ ਪਾਸਾ ਹੀ ਵੱਟਿਆ। ਉਨ੍ਹਾਂ ਮੀਟਿੰਗ ਦੌਰਾਨ ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਆਖਿਆ ਕਿ ਗ਼ਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕਾਂ ਨੂੰ ਪੈਨਸ਼ਨ ਸਮੇਂ ਸਿਰ ਵੰਡੀ ਜਾਣੀ ਚਾਹੀਦੀ ਹੈ। ਉਨ੍ਹਾਂ ਕੌਮੀ ਸਿਹਤ ਮਿਸ਼ਨ ਤਹਿਤ ਸੰਸਦੀ ਹਲਕੇ ਦੇ ਤਿੰਨੋਂ ਜ਼ਿਲ੍ਹਿਆਂ ‘ਚ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ। ਮੰਤਰੀ ਨੇ ਸਰਬ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ, ਕੌਮੀ ਪੇਂਡੂ ਰੁਜ਼ਗਾਰ ਮਿਸ਼ਨ, ਹੁਨਰ ਵਿਕਾਸ ਮਿਸ਼ਨ, ਫੂਡ ਸਪਲਾਈ ਵਿਭਾਗ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਤੇ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਆਦਿ ਸਬੰਧੀ ਵੀ ਚਰਚਾ ਕੀਤੀ। ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਮੇਅਰ ਨਗਰ ਨਿਗਮ ਬਠਿੰਡਾ ਬਲਵੰਤ ਰਾਏ ਨਾਥ, ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਡਾ. ਸੁਮੀਤ ਜਾਰੰਗਲ, ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀਮਤੀ ਸ਼ੇਨਾ ਅਗਰਵਾਲ ਆਦਿ ਅਫ਼ਸਰ ਮੌਜੂਦ ਸਨ।