ਲੰਡਨ-2012 ਓਲੰਪਿਕ ’ਚ ਪੰਜ ਅਤੇ ਦਸ ਹਜ਼ਾਰ ਮੀਟਰ ਲੰਮੀਆਂ ਦੌੜਾਂ ’ਚ ਗੋਲਡ ਮੈਡਲ ਜਿੱਤਣ ਮਗਰੋਂ ਬਰਤਾਨਵੀ ਦੌੜਾਕ ਮੁਹੰਮਦ ਫਰਾਹ ਨੇ ਰੀਓ-2016 ’ਚ ਵੀ ਇਨ੍ਹਾਂ ਦੋਵਾਂ ਰੇਸਾਂ ’ਚ ਵੀ ਸੋਨ ਤਗ਼ਮੇ ਜਿੱਤ ਕੇ ਆਪਣਾ ਨਾਮ ਓਲੰਪਿਕ ਖੇਡਾਂ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਦਰਜ ਕਰਾਇਆ ਹੈ।
ਮੁਹੰਮਦ ਫਰਾਹ ਦੁਨੀਆਂ ਦਾ ਦੂਜਾ ਅਥਲੀਟ ਹੈ, ਜਿਸ ਨੂੰ ਓਲੰਪਿਕ ਖੇਡਾਂ ਦੇ ਦੋ ਟੂਰਨਾਮੈਂਟਾਂ ਦੀਆਂ ਪੰਜ ਤੇ ਦਸ ਹਜ਼ਾਰ ਮੀਟਰ ਲੰਮੀਆਂ ਦੌੜਾਂ ’ਚ ਦੋਵੇਂ ਵਾਰ ਡਬਲ ਸੋਨ ਤਗ਼ਮੇ ਜਿੱਤਣ ਦਾ ਸੁਭਾਗ ਹਾਸਲ ਹੋਇਆ ਹੈ। ਫਰਾਹ ਤੋਂ ਪਹਿਲਾਂ ਫਿਨਲੈਂਡ ਦੇ ਅਥਲੀਟ ਲੈਸੇ ਅਤੂਰੀ ਵਿਰੇਨ ਨੇ ਮਿਊਨਿਖ-1972 ਅਤੇ ਮੌਂਟਰੀਅਲ-1976 ਦੀਆਂ ਓਲੰਪਿਕ ਖੇਡਾਂ ’ਚ ਇਹ ਕਮਾਲ ਕੀਤਾ ਸੀ। ਜੇਕਰ ਇਕੱਲੀ ਦਸ ਹਜ਼ਾਰ ਮੀਟਰ ਲੰਮੀ ਰੇਸ ਦਾ ਓਲੰਪਿਕ ਖੇਡਾਂ ’ਚ ਲੇਖਾ-ਜੋਖਾ ਕੀਤਾ ਜਾਵੇ ਤਾਂ ਫਰਾਹ ਤੋਂ ਪਹਿਲਾਂ ਪੰਜ ਅਥਲੀਟਾਂ ਫਿਨਲੈਂਡ ਦੇ ਪਾਵੋ ਨੁਰਮੀ ਨੂੰ 1920 ਤੇ 28, ਚੈਕਸਲੋਵਾਕੀਆ ਦੇ ਈਮਿਲ ਜ਼ੈਟੋਪੇਕ ਨੂੰ 1948-52, ਫਿਨਲੈਂਡ ਦੇ ਵਿਰੇਨ ਲੈਸੇ ਨੂੰ 1972-76, ਇਥੋਪੀਆ ਦੇ ਹਾਇਲੇ ਗੀਬਰਸੇਲੈਸੇ ਨੂੰ 1996-2000 ਅਤੇ ਇਥੋਪੀਆ ਦੇ ਹੀ ਦੂਜੇ ਅਥਲੀਟ ਕੀਨੇਨਿਸਾ ਬੀਕੇਲੇ ਨੂੰ 2004-08 ਦੇ ਓਲੰਪਿਕ ਟੂਰਨਾਮੈਂਟਾਂ ’ਚ ਲਗਾਤਾਰ ਦੋ-ਦੋ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਫਰਾਹ ਕੁੱਲ ਆਲਮ ’ਚ ਲੰਮੀ ਦੂਰੀ ਦਾ ਇਕੋ ਇਕ ਨਿਵੇਕਲਾ ਦੌੜਾਕ ਹੈ, ਜਿਸ ਨੂੰ ਦੋ ਓਲੰਪਿਕਸ ਅਤੇ ਦੋ ਵਿਸ਼ਵ ਚੈਂਪੀਅਨਸ਼ਿਪਾਂ ’ਚ 5000 ਤੇ 10000 ਮੀਟਰ ਰੇਸ ਦੀਆਂ ਦੋਵੇਂ ਵੰਨਗੀਆਂ ’ਚ ਕਰਮਵਾਰ ਦੋ-ਦੋ ਗੋਲਡ ਮੈਡਲ ਜਿੱਤਣ ਦਾ ਰੁਤਬਾ ਹਾਸਲ ਹੈ। 34 ਬਸੰਤਾਂ ਹੰਢਾਅ ਚੁੱਕੇ ਫਰਾਹ ਨੇ ਖੇਡ ਕੈਰੀਅਰ ’ਚ 17 ਗੋਲਡ, 8 ਸਿਲਵਰ ਅਤੇ 2 ਤਾਂਬੇ ਦੇ ਤਗ਼ਮੇ ਜਿੱਤਣ ਦਾ ਕਮਾਲ ਕੀਤਾ।
ਪੰਜ ਹਜ਼ਾਰ ਮੀਟਰ ਦੌੜ ’ਚ ਨੈਸ਼ਨਲ ਰਿਕਾਰਡਧਾਰੀ ਅਥਲੀਟ ਦਾ ਪੂਰਾ ਨਾਮ ਮੁਹੰਮਦ ਮੁਕਤਾਰ ਜਾਮਾ ਫਰਾਹ ਹੈ। 5 ਫੁੱਟ 9 ਇੰਚ ਕੱਦ ਦੇ ਮਾਲਕ ਫਰਾਹ ਦਾ ਜਨਮ 23 ਮਾਰਚ 1983 ’ਚ ਸੋਮਾਲੀਆ ’ਚ ਹੋਇਆ। ਅੱਠ ਸਾਲ ਦੀ ਉਮਰ ’ਚ ਫਰਾਹ ਆਪਣੇ ਪਿਤਾ ਨਾਲ ਲੰਡਨ ਆ ਗਿਆ। ਬਰਤਾਨੀਆ ’ਚ ਮੁੱਢਲੀ ਪੜ੍ਹਾਈ ਕਰਨ ਦੇ ਨਾਲ ਫਰਾਹ ਨੇ ਖੇਡਾਂ ਵਾਲੇ ਪਾਸੇ ਵੀ ਹੱਥ ਅਜ਼ਮਾਉਣ ਦੀ ਸ਼ੁਰੂਆਤ ਕੀਤੀ। ਲੰਮੀਆਂ ਦੌੜਾਂ ਪ੍ਰਤੀ ਦਿਲਚਸਪੀ ਉਸ ਲਈ ਬਰਤਾਨੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਕਾਰਨ ਬਣੀ। ਫਰਾਹ ਨੇ ਵਿਆਹ ਲੰਮੇ ਸਮੇਂ ਤੋਂ ਮਿੱਤਰ ਰਹੀ ਕੁੜੀ ਤਾਨੀਆ ਨੇਲ ਨਾਲ ਕਰਵਾਇਆ। ਉਸ ਦੀਆਂ ਦੋ ਜੁੜਵਾਂ ਧੀਆਂ ਆਇਸ਼ਾ ਤੇ ਅਮਾਨੀ ਅਤੇ ਪੁੱਤਰ ਹੁਸੇਇਨ ਹੈ। ਲੰਡਨ ਓਲੰਪਿਕ ’ਚ ਦੋ ਸੋਨ ਤਗ਼ਮੇ ਜਿੱਤਣ ਵਾਲੇ ਫਰਾਹ ਦੀ ਦਿਲੀ ਤਮੰਨਾ ਸੀ ਕਿ ਆਪਣੀਆਂ ਜੁੜਵੀਆਂ ਧੀਆਂ ਨੂੰ ਉਹ ਦੋ-ਦੋ ਓਲੰਪਿਕ ਤਗ਼ਮੇ ਸਮਰਪਿਤ ਕਰੇ। ਵੱਡੀ ਧੀ ਆਇਸ਼ਾ ਨੂੰ ਲੰਡਨ ਓਲੰਪਿਕ ਦੇ ਦੋ ਸੋਨ ਤਗਮੇ ਅਤੇ ਛੋਟੀ ਅਮਾਨੀ ਨੂੰ ਰੀਓ ਓਲੰਪਿਕ ’ਚ ਜਿੱਤੇ ਦੋ ਗੋਲਡ ਮੈਡਲ ਸਮਰਪਿਤ ਕਰਨ ਤੋਂ ਬਾਅਦ ਫਰਾਹ ਨੇ ਕਿਹਾ ਕਿ ਮੇਰਾ ਮਿਸ਼ਨ ਪੂਰਾ ਹੋ ਗਿਆ ਹੈ, ਇਸ ਲਈ ਉਹ ਹੌਲਾ ਮਹਿਸੂਸ ਰਿਹਾ ਹੈ। ਸਾਲ-2013 ’ਚ ਇੰਗਲੈਂਡ ਦੇ ਵੱਡੇ ਸਨਮਾਨ ‘ਕਮਾਂਡਰ ਆਫ ਦਿ ਆਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਨਾਲ ਨਵਾਜੇ ਗਏ ਫਰਾਹ ਨੂੰ ਫੁਟਬਾਲ ਖੇਡ ਨਾਲ ਖਾਸ ਸਨੇਹ ਹੈ ਤੇ ਘਰੇਲੂ ਅਰਸਨੇਲ ਐਫਸੀ ਉਸ ਦਾ ਚਹੇਤਾ ਕਲੱਬ ਹੈ।
ਨਿਊਹਾਮ ਐਂਡ ਅਸੈਕਸ ਬੇਗਲਸ ਕਲੱਬ ਲੰਡਨ ਦੇ ਲੰਮੇ ਦੂਰੀ ਦੇ ਦੌੜਾਕ ਫਰਾਹ ਨੇ ਆਪਣੇ ਘਰੇਲੂ ਮੈਦਾਨ ਖੇਡੀ ਗਈ ਲੰਡਨ-2012 ਓਲੰਪਿਕ ਦੇ 5000 ਅਤੇ 10000 ਮੀਟਰ ਇਵੈਂਟਾਂ ’ਚ ਚੈਂਪੀਅਨ ਬਣ ਕੇ ਦੋ ਸੋਨ ਤਗਮੇ ਹਾਸਲ ਕੀਤੇ। ਲੰਡਨ ’ਚ ਓਲੰਪਿਕ ਚੈਂਪੀਅਨ ਬਣਨ ਤੋਂ ਬਾਅਦ ਫਰਾਹ ਨੇ ਹੇਲਸਿੰਕੀ-2012 ਯੂਰੋਪੀਅਨ ਚੈਂਪੀਅਨਸ਼ਿਪ ਦੇ ਪੰਜ ਹਜ਼ਾਰ ਮੀਟਰ ਮੁਕਾਬਲੇ ’ਚ ਗੋਲਡ ਮੈਡਲ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ। ਤਿੰਨ ਹਜ਼ਾਰ ਮੀਟਰ ’ਚ ਦੋ ਵਾਰ ਆਪਣੇ ਹੀ 7.32.62 ਸੈਕਿੰਡ ਅਤੇ 7.34.47 ਸੈਕਿੰਡ ਸਮੇਂ ਨੂੰ ਸੁਧਾਰਨ ਨਾਲ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਫਰਾਹ ਮੁਹੰਮਦ ਨੇ ਮਾਸਕੋ-2013 ਵਿਸ਼ਵ ਅਥਲੈਟਿਕਸ ਦੇ 5000 ਅਤੇ 10000 ਮੀਟਰ ਲੰਮੀਆਂ ਦੌੜਾਂ ’ਚ ਡਬਲ ਗੋਲਡ ਮੈਡਲ ਆਪਣੇ ਗਲੇ ਦਾ ਸ਼ਿੰਗਾਰ ਬਣਾਏ। ਸਾਲ-2012 ਤੋਂ ਬਾਅਦ ਗੋਲਡ ਮੈਡਲ ਤੋਂ ਸਿਵਾਏ ਹੋਰ ਕੁਝ ਵੀ ਪ੍ਰਵਾਨ ਨਾ ਕਰਨ ਵਾਲੇ ਗੋਰਿਆਂ ਦੇ ਦੇਸ਼ ਦੇ ਇਸ ਅਥਲੀਟ ਨੇ ਜ਼ਿਊਰਿਖ-2014 ਦੀ ਯੂਰੋਪੀਅਨ ਚੈਂਪੀਅਨਸ਼ਿਪ ’ਚ ਆਪਣੀਆਂ ਦੋਵੇਂ ਪਸੰਦੀਦਾ 5000 ਤੇ 10000 ਮੀਟਰ ਰੇਸਾਂ ’ਚ ਦੋ ਗੋਲਡ ਮੈਡਲ ਹਾਸਲ ਕਰਕੇ ਆਪਣੇ ਸੁਨਹਿਰੀ ਤਗਮਿਆਂ ਦੀ ਗਿਣਤੀ ਇਕ ਦਰਜਨ ਕੀਤੀ। ਫਰਾਹ ਨੇ ਪੇਈਚਿੰਗ ਵਿਸ਼ਵ ਚੈਂਪੀਅਨਸ਼ਿਪ ’ਚ ਲੰਮੀ ਦੂਰੀ ਦੀਆਂ ਦੋਵੇਂ ਪੰਜ ਤੇ ਦਸ ਹਜ਼ਾਰ ਮੀਟਰ ਦੌੜਾਂ ’ਚ ਗੋਲਡ ਮੈਡਲ ਜਿੱਤ ਕੇ ਆਪਣੇ ਆਲਮੀ ਸੋਨ ਤਗਮਿਆਂ ਦੀ ਗਿਣਤੀ ਪੰਜ ਕੀਤੀ। ਇਸ ਮਗਰੋਂ ਰੀਓ ਓਲੰਪਿਕਸ ’ਚ ਵੀ ਉਸ ਨੇ ਉਹੀ ਇਤਿਹਾਸ ਦੁਹਰਾਇਆ ਤੇ ਓਲੰਪਿਕ ਤੇ ਵਿਸ਼ਵ ਅਥਲੈਟਿਕਸ ਦੇ ਦੋ-ਦੋ ਟੂਰਨਾਮੈਂਟਾਂ ਦੇ ਪੰਜ ਤੇ ਦਸ ਹਜ਼ਾਰ ਮੀਟਰ ਵੰਨਗੀਆਂ ’ਚ ਕ੍ਰਮਵਾਰ ਲਗਾਤਾਰ ਚਾਰ-ਚਾਰ ਸੋਨ ਤਗਮੇ ਜਿੱਤਣ ਵਾਲਾ ਦੁਨੀਆਂ ਦਾ ਪਲੇਠਾ ਅਥਲੀਟ ਬਣਿਆ।
ਮੁਹੰਮਦ ਫਰਾਹ ਨੇ ਇਸੇ ਸਾਲ ਜੁਲਾਈ ’ਚ ਲੰਡਨ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਖੇਡਣ ਤੋਂ ਬਾਅਦ ਟਰੈਕ ਨੂੰ ਅਲਿਵਦਾ ਕਹਿਣ ਦਾ ਮਨ ਬਣਾ ਲਿਆ ਸੀ, ਜਿਸ ’ਚ ਉਸ ਨੇ 10000 ਤੇ 5000 ਮੀਟਰ ਦੌੜਾਂ ’ਚ ਕ੍ਰਮਵਾਰ ਸੋਨੇ ਤੇ ਚਾਂਦੀ ਦੇ ਤਗਮੇ ਹਾਸਲ ਕੀਤੇ।