ਚੰਡੀਗੜ੍ਹ, 12 ਦਸੰਬਰ
ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲਗਾਹ ਦੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹੋਣ ਕਾਰਨ ਜੇਲ੍ਹ ਵਿਭਾਗ ਚੌਕੰਨਾ ਹੋ ਗਿਆ ਹੈ। ਲੰਗਾਹ ਦੀ ਜਾਨ ਨੂੰ ਖ਼ਤਰਾ ਦੇਖਦਿਆਂ ਉਸ ਨੂੰ ਕਪੂਰਥਲਾ ਤੋਂ ਪਟਿਆਲਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਵਧੀਕ ਡੀਜੀਪੀ (ਜੇਲ੍ਹਾਂ) ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸਾਬਕਾ ਮੰਤਰੀ ਨੂੰ ਪਟਿਆਲਾ ਜੇਲ੍ਹ ਤਬਦੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਧਰ ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਜਬਰ ਜਨਾਹ ਦੇ ਕੇਸ ਵਿੱਚ ਅਦਾਲਤੀ ਹਿਰਾਸਤ ਅਧੀਨ ਚੱਲ ਰਹੇ ਲੰਗਾਹ ਦਾ ਕਤਲ ਕਰਨ ਲਈ ਸੇਖੋਂ ਗੈਂਗ ਨੇ ਵਿਉਂਤ ਬਣਾ ਲਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਲੰਗਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਟਿਆਲਾ ਦੀ ਥਾਂ ਗੁਰਦਾਸਪੁਰ ਜਾਂ ਅੰਮ੍ਰਿਤਸਰ ਜੇਲ੍ਹ ਵਿੱਚ ਉਸ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਝਾ ਖੇਤਰ ਦੀਆਂ ਉਕਤ ਦੋਵੇਂ ਜੇਲ੍ਹਾਂ ਵਿੱਚ ਵੀ ਲੰਗਾਹ ਲਈ ਖ਼ਤਰੇ ਬਰਕਰਾਰ ਹਨ। ਉਕਤ ਜੇਲ੍ਹਾਂ ਵਿੱਚ ਕਈ ਅਜਿਹੇ ‘ਬੇਕਸੂਰ’ ਵਿਅਕਤੀ ਬੰਦੀ ਹਨ ਜਿਨ੍ਹਾਂ ’ਤੇ ਅਕਾਲੀ ਹਕੂਮਤ ਦੌਰਾਨ ਮਾਮਲੇ ਦਰਜ ਹੋਏ ਅਤੇ ਇਨ੍ਹਾਂ ਵਿੱਚ ਕਈ ਮਾਮਲੇ ਦਰਜ ਕਰਾਉਣ ਪਿੱਛੇ ਅਕਸਰ ਸੁੱਚਾ ਸਿੰਘ ਲੰਗਾਹ ਉਪਰ ਵੀ ਦੋਸ਼ ਲੱਗਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ  ਲੰਗਾਹ ਨੂੰ ਜਦੋਂ ਕਪੂਰਥਲਾ ਜੇਲ੍ਹ ਵਿੱਚ ਭੇਜਿਆ ਗਿਆ ਸੀ ਤਾਂ ਉਸ ਨੇ ਜਾਨ ਦਾ ਖ਼ਤਰਾ ਹੋਣ ਦੀ ਗੱਲ ਆਖੀ ਸੀ। ਜੇਲ੍ਹ ਅਧਿਕਾਰੀਆਂ ਮੁਤਾਬਕ ਦਸੰਬਰ ਦੇ ਸ਼ੁਰੂ ’ਚ ਹੀ ਸੇਖੋਂ ਗੈਂਗ ਦੇ ਕਪੂਰਥਲਾ ਜੇਲ੍ਹ ’ਚ ਬੰਦ ਕੁਝ ਬੰਦਿਆਂ ਦੀਆਂ ਵਿਉਂਤਾਂ ਬਾਰੇ ਸੂਹ ਮਿਲ ਗਈ ਸੀ। ਗੈਂਗ ਦੇ ਮੈਂਬਰਾਂ ਦਾ ਆਪਸੀ ਵਾਰਤਾਲਾਪ, ਜੋ ਜੇਲ੍ਹ ਅਧਿਕਾਰੀਆਂ ਕੋਲ ਪਹੁੰਚਿਆ ਹੈ,  ਮੁਤਾਬਕ ਲੰਗਾਹ ਨੂੰ ਨਿਹੰਗ ਅਜੀਤ ਸਿੰਘ ਪੂਹਲਾ ਵਾਂਗ ਕਤਲ ਕਰਨ ਦੀ ਸਕੀਮ ਬਣਾਈ ਗਈ ਸੀ। ਗੈਂਗਸਟਰਾਂ ਨੇ ਕਤਲ ਦਾ ਮਕਸਦ ਇਹੀ ਮੰਨਿਆ ਸੀ ਕਿ ਲੰਗਾਹ ਨੂੰ ਕਤਲ ਕਰਨ ਤੋਂ ਬਾਅਦ ਵਿਦੇਸ਼ਾਂ ਤੋਂ ਮਾਇਆ ਦੇ ਗੱਫੇ ਮਿਲਣਗੇ।