ਚੰਡੀਗੜ੍ਹ, 11 ਅਕਤੂਬਰ
ਪੰਚਕੂਲਾ ਪੁਲੀਸ ਨੇ ਦਾਅਵਾ ਕੀਤਾ ਹੈ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਵਾਪਰੀ ਹਿੰਸਾ ਦੀ ਸਾਰੀ ਯੋਜਨਾ ਹਨੀਪ੍ਰੀਤ ਦੇ ਲੈਪਟੌਪ ’ਚ ਬੰਦ ਹੈ।
ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਪੁਲੀਸ ਨੂੰ ਯਕੀਨ ਹੈ ਕਿ ਹਨੀਪ੍ਰੀਤ ਦਾ ਲੈਪਟੌਪ ਇਸ ਸਮੇਂ ਸਿਰਸਾ ਦੇ ਡੇਰਾ ਸੱਚਾ ਸੌਦਾ ’ਚ ਹੈ ਤੇ ਇਸ ਦੀ ਬਰਾਮਦਗੀ ਲਈ ਪੁਲੀਸ ਹਨੀਪ੍ਰੀਤ ਦੇ ਤਿੰਨ ਦਿਨ ਦੇ ਰਿਮਾਂਡ ਦੌਰਾਨ ਉਸ ਨੂੰ ਸਿਰਸਾ ਲਿਜਾਣ ਦੀ ਯੋਜਨਾ ਬਣਾ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਲੈਪਟੌਪ ਬਾਰੇ ਹਨੀਪ੍ਰੀਤ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਜਾਣਕਾਰੀ ਨਹੀਂ ਹੈ।
ਸੂਤਰਾਂ ਅਨੁਸਾਰ ਪੰਚਕੂਲਾ ਹਿੰਸਾ ਦੀ ਹਨੀਪ੍ਰੀਤ ਦੇ ਮੋਬਾਈਲ ਤੋਂ ਇੱਕ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਸੀ ਤੇ ਪੁਲੀਸ ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਰਹਿੰਦੇ ਹਨੀਪ੍ਰੀਤ ਦੇ ਰਿਸ਼ਤੇਦਾਰ ਤੋਂ ਮੋਬਾਈਲ ਬਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ। ਹਨੀਪ੍ਰੀਤ ਦਾ ਨੌਂ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰਨ ਲਈ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ ਹੈ।
ਹਨੀਪ੍ਰੀਤ ਤੇ ਸੁਖਦੀਪ ਦਾ ਪੁਲੀਸ ਰਿਮਾਂਡ ਵਧਾਇਆ
ਪੰਚਕੂਲਾ: ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਅੱਜ ਦੁਬਾਰਾ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਨੂੰ 3-3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਸੇ ਦੌਰਾਨ ਹਨੀਪ੍ਰੀਤ ਦੇ ਡਰਾਈਵਰ ਰਾਕੇਸ਼ ਅਰੋੜਾ ਨੂੰ ਵੀ ਅਦਾਲਤ ਨੇ 15 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਸੇ ਦੌਰਾਨ ਸੰਮਣ ਭੇਜੇ ਜਾਣ ਦੇ ਬਾਵਜੂਦ ਸਿਰਸਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਅੱਜ ਪੰਚਕੂਲਾ ਨਹੀਂ ਆਈ।