ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼), ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨੇੜਲਿਆਂ ਵਿੱਚੋਂ ਇਕ ਹਨੀਪ੍ਰੀਤ ਇੰਸਾਂ ਦੀ ਭਾਲ ਵਿੱਚ ਹਰਿਆਣਾ ਪੁਲੀਸ ਅੱਜ ਖੇੜੀ ਪੁੱਜੀ। ਪੁਲੀਸ ਨੂੰ ਸ਼ੱਕ ਹੈ ਕਿ ਉਹ ਇੱਥੋਂ ਨੇਪਾਲ ਭੱਜ ਸਕਦੀ ਹੈ।
ਪੁਲੀਸ ਦੇ ਵਧੀਕ ਸੁਪਰਡੈਂਟ (ਏਐਸਪੀ) ਘਣਸ਼ਾਮ ਚੌਰਸੀਆ ਨੇ ਹਰਿਆਣਾ ਪੁਲੀਸ ਦੇ ਦੋ ਮੁਲਾਜ਼ਮਾਂ ਦੇ ਖੇੜੀ ਵਿੱਚ ਗੌਰੀਫਾਂਟਾ ਸਰਹੱਦ ਉਤੇ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲੀਸ ਨੇ ਗੌਰੀਫਾਂਟਾ ਪੁਲੀਸ ਨਾਲ ਕੁਝ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਭਾਰਤ-ਨੇਪਾਲ ਸਰਹੱਦ ਰਾਹੀਂ ਉਸ ਦੇ ਗੁਆਂਢੀ ਮੁਲਕ ਵੱਲ ਜਾਣ ਦੇ ਸ਼ੱਕ ਬਾਬਤ ਪੁੱਛਿਆ।
ਏਐਸਪੀ ਨੇ ਕਿਹਾ ਕਿ ਹਨੀਪ੍ਰੀਤ ਦੇ ਨੇਪਾਲ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ, ਜਿਸ ਮਗਰੋਂ ਹਰਿਆਣਾ ਪੁਲੀਸ ਦੀ ਟੀਮ ਪਰਤ ਗਈ। ਉਨ੍ਹਾਂ ਕਿਹਾ ਕਿ ਪੰਜਾਬ ਨੰਬਰ ਵਾਲੀ ਇਕ ਖਾਲੀ ਕਾਰ ਇਸ ਸਰਹੱਦੀ ਇਲਾਕੇ ਵਿੱਚੋਂ ਬਰਾਮਦ ਕੀਤੀ ਗਈ ਸੀ ਅਤੇ ਉਸ ਦੇ ਮਾਲਕ ਦੀ ਭਾਲ ਤੇ ਇਸ ਦੇ ਹਨੀਪ੍ਰੀਤ ਨਾਲ ਸਬੰਧ ਬਾਰੇ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਡੇਰਾ ਮੁਖੀ ਰਾਮ ਰਹੀਮ ਦੀ ਗੋਦ ਲਈ ਧੀ ਹੈ। ਡੇਰਾ ਮੁਖੀ ਨੂੰ ਪੰਚਕੂਲਾ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਵੇਲੇ ਉਹ ਦੋਸ਼ੀ ਨਾਲ ਮੌਜੂਦ ਸੀ। ਉਹ ਡੇਰਾ ਮੁਖੀ ਨੂੰ ਪੰਚਕੂਲਾ ਤੋਂ ਰੋਹਤਕ ਤੱਕ ਲੈ ਜਾਣ ਵੇਲੇ ਵਿਸ਼ੇਸ਼ ਹੈਲੀਕਾਪਟਰ ਵਿੱਚ ਵੀ ਸਵਾਰ ਸੀ। ਪੁਲੀਸ ਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ।