ਪੰਚਕੂਲਾ, ਡੇਰਾ ਸਿਰਸਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਨੇ ਅੱਜ ਅੰਬਾਲਾ ਜੇਲ੍ਹ ਤੋਂ ਪੰਚਕੂਲਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ। ਅੱਜ ਹੋਈ ਪੇਸ਼ੀ ਵਿੱਚ ਅਦਾਲਤ ਵੱਲੋਂ ਉਸ ਦੀ ਨਿਆਂਇਕ ਹਿਰਾਸਤ ਨੂੰ 7 ਦਸੰਬਰ ਤੱਕ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਦਾਲਤ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਮਾਮਲੇ ਦੀ 7 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਹਨੀਪ੍ਰੀਤ ਨੂੰ ਵਿਅਕਤੀਗਤ ਰੂਪ ਵਿੱਚ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। 7 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਹਨੀਪ੍ਰੀਤ ਨੂੰ ਪੁਲੀਸ ਵੱਲੋਂ ਉਸਦੇ ਖਿਲਾਫ ਪੇਸ਼ ਕੀਤੇ ਗਏ ਚਲਾਨ ਦੀ ਕਾਪੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 28 ਨਵੰਬਰ ਨੂੰ ਐਸ.ਆਈ.ਟੀ. ਵੱਲੋਂ ਇਸ ਮਾਮਲੇ ਵਿੱਚ ਹਨੀਪ੍ਰੀਤ ਦੇ ਖਿਲਾਫ 1200 ਸਫ਼ਿਆਂ ਦੀ ਚਾਰਜਸ਼ੀਟ ਫਾਈਲ ਕੀਤੀ ਗਈ ਸੀ। ਚਾਰਜਸ਼ੀਟ ਵਿੱਚ ਲਗਪਗ 67 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਪੁਲੀਸ ਰਿਮਾਂਡ ਦੌਰਾਨ ਹਨੀਪ੍ਰੀਤ ਨੇ ਇਹ ਗੱਲ ਕਬੂਲੀ ਸੀ ਕਿ ਉਹ ਦੰਗਿਆਂ ਵਿੱਚ ਅਤੇ ਦੰਗਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।