ਸਿਰਸਾ, ਡੇਰਾ ਸਿਰਸਾ ਦੇ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੋਂ ਡੇਰਾ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ। ਡੇਰਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰੇ ਦਾ ਹਨੀਪ੍ਰੀਤ ਅਤੇ ਡਾ. ਆਦਿਤਯਾ ਇੰਸਾਂ ਨੂੰ ਭਜਾਉਣ ਵਿੱਚ ਕੋਈ ਹੱਥ ਨਹੀਂ ਹੈ। ਇਸ ਸਬੰਧੀ ਜੋ ਚਰਚਾ ਚੱਲ ਰਹੀ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਤੋਂ ਬਾਅਦ ਹਨੀਪ੍ਰੀਤ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਰਿਹਾ, ਉਸ ਨੂੰ ਹੁਣ ਪੁਲੀਸ ਕੋਲ ਸਮਰਪਣ ਕਰ ਦੇਣਾ ਚਾਹੀਦਾ ਹੈ।
ਵਿਪਾਸਨਾ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਗੁਫ਼ਾ ਬਾਰੇ ਜੋ ਗਲਤ ਗੱਲਾਂ ਮੀਡੀਆ ਵਿੱਚ ਆ ਰਹੀਆਂ ਹਨ, ਉਹ ਬੇਬੁਨਿਆਦ ਹਨ ਕਿਉਂਕਿ ਗੁਫ਼ਾ ਕੋਈ ਅਜਿਹੀ ਥਾਂ ਨਹੀਂ, ਜਿੱਥੇ ਗਲਤ ਕੰਮ ਹੁੰਦੇ ਹਨ। ਇਹ ਡੇਰਾ ਮੁਖੀ ਦੇ ਰਹਿਣ ਦਾ ਸਥਾਨ ਹੈ ਅਤੇ ਇੱਥੇ ਕੋਈ ਵੀ ਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰੇ ਵਿੱਚ ਨਾਜਾਇਜ਼ ਹਥਿਆਰਾਂ ਦਾ ਕੋਈ ਜ਼ਖੀਰਾ ਨਹੀਂ ਹੈ, ਜਿਸ ਤਰ੍ਹਾਂ ਕਿ ਮੀਡੀਆ ਵਿੱਚ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਹਨ। ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਡੇਰੇ ਵਿੱਚ ਬਣੇ ਸ਼ਾਹੀ ਬੇਟੀਆਂ ਅਤੇ ਬੇਟੇ ਨਿਵਾਸ ਵਿੱਚ ਜੋ ਯਤੀਮ ਲੜਕੀਆਂ ਅਤੇ ਲੜਕੇ ਸਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਹੈ।
ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਨੇ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਦਾ ਕੋਈ ਨਵਾਂ ਮੁਖੀ ਬਣਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ। ਗੁਰਮੀਤ ਰਾਮ ਰਹੀਮ ਹੀ ਡੇਰੇ ਦੇ ਗੱਦੀਨਸ਼ੀਨ ਬਣੇ ਰਹਿਣਗੇ।