ਸਿਰਸਾ — ਹਨੀਪ੍ਰੀਤ ਦੇ ਚਚੇਰੇ ਭਰਾ ਵਿਜੇ ਤਨੇਜਾ ਦਾ ਕਹਿਣਾ ਹੈ ਕਿ ਹਨੀਪ੍ਰੀਤ ‘ਤੇ ਲਾਏ ਗਏ ਸਭ ਦੋਸ਼ ਝੂਠੇ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦਰਮਿਆਨ ਪਿਤਾ-ਪੁੱਤਰੀ ਦਾ ਰਿਸ਼ਤਾ ਸੀ ਅਤੇ ਇਸ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ। ਹਨੀਪ੍ਰੀਤ ਦੀ ਗ੍ਰਿਫਤਾਰੀ ਬਾਰੇ ਵਿਜੇ ਨੇ ਕਿਹਾ ਕਿ ਉਹ ਅਦਾਲਤੀ ਪ੍ਰਕਿਰਿਆ ਵਿਚ ਪੂਰਾ ਭਰੋਸਾ ਰੱਖਦੇ ਹਨ। 
ਅਦਾਲਤ ਦੀ ਹਰ ਤਰ੍ਹਾਂ ਦੀ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਦਲੀਲ ਦਿੰਦੇ ਹੋਏ ਵਿਜੇ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਸ ਪੂਰੇ ਮਾਮਲੇ ਨੂੰ ਪੇਸ਼ ਕੀਤਾ ਗਿਆ,ਉਸ ਕਾਰਨ ਉਨ੍ਹਾਂ ਦਾ ਸਾਰਾ ਪਰਿਵਾਰ ਦੁਖੀ ਹੈ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਖਰੀ ਵਾਰ ਅੱਜ ਤੋਂ ਲਗਭਗ 10 ਸਾਲ ਪਹਿਲਾਂ ਡੇਰੇ ਵਿਚ ਹੋਏ ਇਕ ਸਤਿਸੰਗ ਦੌਰਾਨ ਮੇਰੀ ਹਨੀਪ੍ਰੀਤ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਪਹਿਲਾਂ ਬਚਪਨ ਵਿਚ ਅਸੀਂ ਅਕਸਰ ਮਿਲਦੇ ਹੁੰਦੇ ਸੀ। ਹਨੀਪ੍ਰੀਤ ਦਾ ਪਰਿਵਾਰ 2000 ਸੰਨ ਤੋਂ ਪਹਿਲਾਂ ਫਤਿਆਬਾਦ ਵਿਚ ਰਹਿੰਦਾ ਸੀ, ਜਦਕਿ ਵਿਜੇ ਦਾ ਪਰਿਵਾਰ ਸਿਰਸਾ ਵਿਚ ਰਹਿੰਦਾ ਹੈ। ਵਿਜੇ ਮੁਤਾਬਕ ਗਰਮੀਆਂ ਦੀਆਂ ਛੁੱਟੀਆਂ ਵਿਚ ਅਕਸਰ ਹਨੀਪ੍ਰੀਤ  ਉਨ੍ਹਾਂ ਦੇ ਘਰ ਆਉਂਦੀ ਹੁੰਦੀ ਸੀ। ਉਹ ਲੰਮਾ ਸਮਾਂ ਸਾਡੇ ਕੋਲ ਰਹਿੰਦੀ ਹੁੰਦੀ ਸੀ। ਬਾਅਦ ਵਿਚ ਉਹ ਡੇਰੇ ਵਿਖੇ ਰਹਿਣ ਲੱਗੀ। ਇਸ ਪਿੱਛੋਂ 2007 ਤੱਕ ਵਿਜੇ ਅਤੇ ਉਨ੍ਹਾਂ ਦਾ ਪਰਿਵਾਰ ਡੇਰੇ ਵਿਚ ਹੋਣ ਵਾਲੇ ਸਤਿਸੰਗ ਅਤੇ ਹੋਰ ਪ੍ਰੋਗਰਾਮਾਂ ਵਿਚ ਹਨੀਪ੍ਰੀਤ ਨੂੰ ਮਿਲਦਾ ਹੁੰਦਾ ਸੀ। ਹੁਣ ਬੀਤੇ ਲਗਭਗ 10 ਸਾਲ ਤੋਂ ਵਿਜੇ ਤਨੇਜਾ ਦੇ ਪਰਿਵਾਰ ਦੀ ਉਸ ਨਾਲ ਦੂਰੀ ਚੱਲ ਰਹੀ ਸੀ ਪਰ ਫਿਰ ਵੀ ਉਹ ਸਾਰੇ ਹਨੀਪ੍ਰੀਤ ਨੂੰ ਬੇਕਸੂਰ ਮੰਨਦੇ ਹਨ। ਵਿਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨਾ ਗਲਤ ਗੱਲ ਹੈ।